- ਭਗਵੰਤ ਮਾਨ ਸਰਕਾਰ ਵੱਲੋਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਸ਼ੁਰੂ
ਚੰਡੀਗੜ੍ਹ, 7 ਅਕਤੂਬਰ 2023 – ਪੰਜਾਬ ਵਿੱਚ ਧੋਖੇ ਨਾਲ ਸ਼ਾਹੀ ਵਿਆਹ ਕਰਵਾ ਕੇ ਆਪਣੀਆਂ ਘਰਵਾਲੀਆਂ ਨੂੰ ਪੰਜਾਬ ‘ਚ ਛੱਡ ਕੇ ਵਿਦੇਸ਼ਾਂ ਐਸ਼ੋ-ਆਰਾਮ ਨਾਲ ਰਹਿ ਰਹੇ ਐਨਆਰਆਈ ਲਾੜਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿੱਚ ਦਰਜ ਅਜਿਹੇ ਮਾਮਲਿਆਂ ਵਿੱਚ 331 ਲੋਕ ਭਗੌੜੇ ਐਲਾਨੇ ਜਾ ਚੁੱਕੇ ਹਨ।
ਪੁਲੀਸ ਨੇ 15 ਸਾਲਾਂ ਤੋਂ ਭਗੌੜੇ ਐਲਾਨੇ ਇਨ੍ਹਾਂ ਲਾੜਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪੀੜਤ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਪੰਜਾਬ ਦੇ ਥਾਣਿਆਂ ਵਿੱਚ ਦਰਜ ਹੋਏ ਕੇਸਾਂ ਤੋਂ ਸਾਫ਼ ਹੈ ਕਿ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਉਥੇ ਬੈਠੇ ਸ਼ਾਤਰ ਲੋਕ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ। ਗੱਲਾਂ ਵਿੱਚ ਆ ਕੇ ਲੋਕ ਆਪਣੀਆਂ ਪੜ੍ਹੀਆਂ-ਲਿਖੀਆਂ ਧੀਆਂ ਦਾ ਵਿਆਹ ਅਜਿਹੇ ਲੋਕਾਂ ਨਾਲ ਕਰ ਦਿੰਦੇ ਹਨ।
ਉਨ੍ਹਾਂ ਦੀ ਮੰਗ ਅਨੁਸਾਰ ਦਹੇਜ ‘ਚ ਸਾਰੀਆਂ ਚੀਜ਼ਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਇਹ ਲੋਕ ਵਿਆਹ ਤੋਂ ਬਾਅਦ ਤਿੰਨ-ਚਾਰ ਮਹੀਨੇ ਇੱਥੇ ਰਹਿੰਦੇ ਹਨ। ਇਸ ਤੋਂ ਬਾਅਦ ਉਹ ਧੋਖੇ ਨਾਲ ਫ਼ਰਾਰ ਹੋ ਜਾਂਦੇ ਹਨ। ਨਾਲ ਹੀ, ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ‘ਤੇ ਨਿਰਭਰ ਰਹਿ ਜਾਂਦੀਆਂ ਹਨ।