- 174 ਲਾਭਪਾਤਰੀਆਂ ਨੂੰ 1.87 ਕਰੋੜ ਰੁਪਏ ਦੇ ਕਰਜ਼ਾ/ਮਨਜ਼ੂਰੀ ਪੱਤਰ ਵੰਡੇ
ਚੰਡੀਗੜ੍ਹ, 27 ਮਾਰਚ 2022 – ਰਾਸ਼ਟਰੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐਨ.ਐਸ.ਕੇ.ਐਫ.ਡੀ.ਸੀ.) ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀਆਂ ਸਕੀਮਾਂ ਲਈ ਮਹਾਤਮਾ ਗਾਂਧੀ ਸਟੇਟ ਇਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ, ਸੈਕਟਰ-26 ਚੰਡੀਗੜ੍ਹ ਵਿਖੇੇ ਕਰਜ਼ਾ ਮੇਲਾ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਸਮਾਜਿਕ ਨਿਆਂ ਅਤੇ ਅਧਿਕਾਰਤਾ ਬਾਰੇ ਕੇਂਦਰੀ ਮੰਤਰੀ ਡਾ. ਵਰਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਇਸ ਪੋ੍ਰਗਰਾਮ ਵਿੱਚ ਆਨਲਾਈਨ ਸ਼ਾਮਲ ਹੋਏ, ਜਿਨ੍ਹਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਪ੍ਰੋਗਰਾਮ ਵਿੱਚ ਸਾਰੇ ਲਾਭਪਾਤਰੀਆਂ ਦਾ ਮਾਰਗਦਰਸ਼ਨ ਕੀਤਾ। ਇਸ ਪੋ੍ਰਗਰਾਮ ਦੌਰਾਨ ਮੰਤਰਾਲੇ ਅਧੀਨ ਕੰਮ ਕਰ ਰਹੀਆਂ ਕਾਰਪੋਰੇਸ਼ਨਾਂ ਦੀਆਂ ਸਕੀਮਾਂ ਤਹਿਤ 174 ਲਾਭਪਾਤਰੀਆਂ ਨੂੰ 1.87 ਕਰੋੜ ਰੁਪਏ ਦੇ ਕਰਜ਼ਾ/ਮਨਜ਼ੂਰੀ ਪੱਤਰ ਵੰਡੇ ਗਏ।
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਅਧੀਨ ਨੈਸ਼ਨਲ ਕਾਰਪੋਰੇਸ਼ਨਾਂ ਜਿਵੇ ਕਿ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ, ਰਾਸ਼ਟਰੀ ਪੱਛੜੀ ਸ਼੍ਰੇਣੀ ਵਿੱਤ ਅਤੇ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਰਾਸ਼ਟਰੀ ਦਿਵਿਆਂਗ ਵਿੱਤ ਅਤੇ ਵਿਕਾਸ ਨਿਗਮ ਨੇ ਵੀ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਹਰਿਆਣਾ, ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰਾਜ ਪੱਧਰੀ ਕਾਰਪੋਰੇਸ਼ਨਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
ਇਸ ਪ੍ਰੋਗਰਾਮ ਦੌਰਾਨ ਇੱਕ ਸਿਹਤ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਮੁਫਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਆਰਟੀਫਿਸ਼ੀਅਲ ਲਿੰੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਏ.ਐਲ.ਆਈ.ਐਮ.ਸੀ.ਓ.) ਵੱਲੋਂ ਦਿਵਿਆਂਗ ਵਿਅਕਤੀਆ ਲਈ ਸਹਾਇਕ ਉਪਕਰਨਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਸਮਾਜ ਦੀ ਮੁੱਖ ਧਾਰਾ ਤੋਂ ਵਾਂਝੇ ਅਤੇ ਅਣਗੌਲੇ ਵਿਅਕਤੀਆਂ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਿਹਾ ਹੈ। ਇਸ ਦੇ ਟਾਰਗੇਟ ਗਰੁੱਪ ਮੁੱਖ ਤੌਰ ਤੇ ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਸਫਾਈ ਕਰਮਚਾਰੀ, ਮੈਨੂਅਲ ਸਕੈਵੇਂਜਰਜ਼, ਰੈਗ ਪਿਕਰ ਅਤੇ ਦਿਵਿਆਂਗ ਲੋਕ ਆਦਿ ਹਨ।
ਪ੍ਰੋਗਰਾਮ ਦੌਰਾਨ ਰਾਜ ਪੱਧਰੀ ਕਾਰਪੋਰੇਸ਼ਨਾਂ, ਕੇਨਰਾ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਮੰਤਰਾਲੇ ਦੀਆਂ ਸਕੀਮਾਂ ਦਾ ਪ੍ਰਚਾਰ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ ।