ਲੁਧਿਆਣਾ, 30 ਸਤੰਬਰ 2022 – ਲੁਧਿਆਣਾ ‘ਚ ਵੀਰਵਾਰ ਤੜਕੇ ਨਿਊ ਪ੍ਰੇਮ ਨਗਰ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਵਾਲੀ ਨਰਸ ਮਨਦੀਪ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ 3 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿੱਚ 2 ਪੁਲੀਸ ਮੁਲਾਜ਼ਮ ਅਤੇ ਇੱਕ ਔਰਤ ਸ਼ਾਮਲ ਹੈ।
ਦੱਸ ਦੇਈਏ ਕਿ ਮੁਲਜ਼ਮਾਂ ਵਿਚੋਂ ਇੱਕ ਪੁਲਿਸ ਮੁਲਾਜ਼ਮ ਦੇ ਮ੍ਰਿਤਕਾ ਪਤੀ-ਪਤਨੀ ਵਜੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਜ਼ਖ਼ਮੀ ਮਨਦੀਪ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਨਰਸ ਦੇ ਪਿਤਾ ਰਸ਼ਪਾਲ ਸਿੰਘ ਨੇ ਦੋਸ਼ ਲਾਇਆ ਕਿ ਕਾਂਸਟੇਬਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਜ਼ਿਸ਼ ਤਹਿਤ ਉਸ ਦੀ ਧੀ ਨੂੰ ਗੋਲੀ ਮਾਰ ਦਿੱਤੀ ਹੈ। ਪੁਲਿਸ ਨੂੰ ਉਸ ਨੂੰ ਕਲੀਨ ਚਿੱਟ ਦੇਣ ਦੀ ਬਜਾਏ ਉਸ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਔਰਤ ਨੇ ਕਾਂਸਟੇਬਲ ਦੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ।
ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਏ ਕਿ ਪੁਲਿਸ ਆਪਣੇ ਮੁਲਾਜ਼ਮ ਨੂੰ ਬਚਾਉਣ ਲਈ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਰਨ ਵਾਲੀ ਮਨਦੀਪ ਕੌਰ ਫਿਰੋਜ਼ਪੁਰ ਦੇ ਮੱਖੂ ਦੀ ਰਹਿਣ ਵਾਲੀ ਹੈ। ਮਨਦੀਪ ਕੌਰ ਦੇ ਪਿਤਾ ਰਸ਼ਪਾਲ ਸਿੰਘ ਦੇ ਬਿਆਨਾਂ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਹੌਲਦਾਰ ਸੁਖਵਿੰਦਰ ਸਿੰਘ, ਪੁਲੀਸ ਮੁਲਾਜ਼ਮ ਨੋਨੀ ਅਤੇ ਇੱਕ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਨੇ ਸੁਖਵਿੰਦਰ ਸਿੰਘ ਦੇ ਜਨਮ ਦਿਨ ’ਤੇ ਸਰਪ੍ਰਾਈਜ਼ ਪਾਰਟੀ ਕੀਤੀ ਸੀ। ਨਰਸ ਨੇ ਮੁਲਾਜ਼ਮ ਨੂੰ ਇੱਕ ਮਹਿੰਗਾ ਮੋਬਾਈਲ ਫ਼ੋਨ ਅਤੇ ਇੱਕ ਸਮਾਰਟ ਘੜੀ ਦਿੱਤੀ ਸੀ। ਜਿਸ ਨੂੰ ਸੁਖਵਿੰਦਰ ਸਿੰਘ ਵੱਲੋਂ ਮਹਿੰਗਾ ਤੋਹਫ਼ਾ ਦੱਸ ਲੈਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਦਾ ਝਗੜਾ ਹੋ ਗਿਆ। ਤੜਕੇ ਕਰੀਬ 3 ਵਜੇ ਮਨਦੀਪ ਨੇ ਕਾਂਸਟੇਬਲ ਦਾ ਲਾਇਸੈਂਸੀ ਰਿਵਾਲਵਰ ਲੈ ਕੇ ਖੁਦ ਨੂੰ ਗੋਲੀ ਮਾਰ ਲਈ।
ਕਾਂਸਟੇਬਲ ਨੇ ਖੁਦ ਪੁਲਸ ਨੂੰ ਸੂਚਨਾ ਦਿੱਤੀ ਅਤੇ ਮਨਦੀਪ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਜਦੋਂ ਕਿ ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਕਾਂਸਟੇਬਲ ਨੇ ਉਸ ਦੀ ਧੀ ਦਾ ਕਤਲ ਕਰ ਦਿੱਤਾ ਹੈ। ਨਰਸਿੰਗ ਦਾ ਕੋਰਸ ਕਰਨ ਤੋਂ ਬਾਅਦ ਮਨਦੀਪ ਕੌਰ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰ ਰਹੀ ਸੀ।
ਕੁਝ ਮਹੀਨੇ ਪਹਿਲਾਂ, ਉਸਨੇ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਘਰ-ਘਰ ਜਾ ਕੇ ਮਰੀਜ਼ਾਂ ਦੀ ਦੇਖਭਾਲ ਕੀਤੀ ਸੀ। ਕਾਂਸਟੇਬਲ ਸੁਖਵਿੰਦਰ ਸਿੰਘ ਕੋਹਾੜਾ ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ, ਪਰ ਮਨਦੀਪ ਕੌਰ ਨਾਲ ਉਸ ਦਾ ਅਫੇਅਰ ਸੀ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕਾਂਸਟੇਬਲ ਨੇ ਆਪਣਾ ਬਿਆਨ ਦੇ ਦਿੱਤਾ ਹੈ। ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਮੁਲਜ਼ਮਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਅਤੇ ਮਨਦੀਪ ਨੇ ਕਿਰਾਏ ‘ਤੇ ਕਮਰਾ ਲੈ ਕੇ ਆਪਣੇ ਆਪ ਨੂੰ ਪਤੀ-ਪਤਨੀ ਵਜੋਂ ਪੇਸ਼ ਕੀਤਾ ਸੀ ਪਰ ਮਨਦੀਪ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਪੱਸ਼ਟ ਹੋ ਸਕੇਗੀ।