ਮੁਕਤਸਰ, 19 ਜੂਨ 2022 – ਲੜਕੀ ਨਾਲ ਮੰਗਣੀ ਟੁੱਟਣ ਤੋਂ ਬਾਅਦ ਲੜਕੀ ਦੀ ਮੰਗਣੀ ਵਾਲੀ ਅਤੇ ਇਤਰਾਜ਼ਯੋਗ ਫੋਟੋ ਸੋਸ਼ਲ ਸਾਈਟ ‘ਤੇ ਸ਼ੇਅਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ‘ਚ ਥਾਣਾ ਸਦਰ ਮੁਕਤਸਰ ਦੀ ਪੁਲਸ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰਹੂੜੀਆਂਵਾਲੀ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਮੰਗਣੀ ਟੁੱਟ ਗਈ ਸੀ। ਇਸ ਕਾਰਨ ਕੋਈ ਵਿਅਕਤੀ ਉਸ ਦੇ ਲੜਕੇ ਅਰਮਨਦੀਪ ਸਿੰਘ ਨੂੰ ਫਰਜ਼ੀ ਆਈਡੀ ਬਣਾ ਕੇ ਧਮਕੀਆਂ ਦੇ ਰਿਹਾ ਹੈ ਅਤੇ ਉਸ ਦੀ ਲੜਕੀ ਦੀ ਮੰਗਣੀ ਸਮੇਂ ਦੀ ਫੋਟੋ ਵੀ ਸ਼ੇਅਰ ਕਰ ਰਿਹਾ ਹੈ। ਇਸ ਸ਼ਿਕਾਇਤ ਦੀ ਜਾਂਚ ਸਾਈਬਰ ਸੈੱਲ ਵੱਲੋਂ ਕੀਤੀ ਗਈ।
ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਦੀ ਲੜਕੀ ਦੀ ਮੰਗਣੀ 27 ਦਸੰਬਰ 2020 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੇਸਰ ਸਿੰਘ ਵਾਲਾ ਦੇ ਮੱਖਣ ਸਿੰਘ ਨਾਲ ਹੋਈ ਸੀ। ਜਨਵਰੀ 2021 ਵਿੱਚ ਉਸਦੀ ਲੜਕੀ ਪੜ੍ਹਾਈ ਲਈ ਵਿਦੇਸ਼ ਗਈ ਸੀ। ਅਪ੍ਰੈਲ 2021 ਵਿੱਚ ਕਿਸੇ ਕਾਰਨ ਮੱਖਣ ਸਿੰਘ ਨਾਲ ਉਸਦੀ ਲੜਕੀ ਦੀ ਮੰਗਣੀ ਟੁੱਟ ਗਈ।
ਜੂਨ 2021 ‘ਚ ਉਸ ਨੇ ਫਿਰ ਆਪਣੀ ਲੜਕੀ ਦੀ ਮੰਗਣੀ ਪਿੰਡ ਭਾਗਸਰ ਦੇ ਇਕ ਲੜਕੇ ਨਾਲ ਕਰਵਾ ਦਿੱਤੀ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਜਾਅਲੀ ਸੋਸ਼ਲ ਆਈਡੀ ਬਣਾ ਕੇ ਉਸ ਦੇ ਲੜਕੇ ਨੂੰ ਧਮਕਾਇਆ ਅਤੇ ਮੰਗਣੀ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਇਸ ਕਾਰਨ ਉਸ ਦੀ ਲੜਕੀ ਦੀ ਪਿੰਡ ਭਾਗਸਰ ਦੇ ਲੜਕੇ ਨਾਲ ਮੰਗਣੀ ਵੀ ਟੁੱਟ ਗਈ। ਜਦੋਂ ਪੁਲਿਸ ਦੇ ਸਾਈਬਰ ਸੈੱਲ ਨੇ ਜਾਅਲੀ ਆਈਡੀ ਚਲਾਉਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਤਾਂ ਉਕਤ ਆਈਡੀ ਮੱਖਣ ਸਿੰਘ ਚਲਾ ਰਿਹਾ ਸੀ।
ਪੁਲੀਸ ਜਾਂਚ ਵਿੱਚ ਮੱਖਣ ਸਿੰਘ ਨੇ ਉਕਤ ਆਈਡੀ ਚਲਾਉਣ ਦੀ ਗੱਲ ਕਬੂਲੀ ਸੀ। ਤਫ਼ਤੀਸ਼ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੱਖਣ ਸਿੰਘ ਨੇ ਇੱਕ ਲੜਕੀ ਦਾ ਰੂਪ ਧਾਰ ਕੇ ਅਰਮਨਦੀਪ ਸਿੰਘ ਅਤੇ ਉਸ ਦੇ ਚਚੇਰੇ ਭਰਾ ਨੂੰ ਜਾਅਲੀ ਆਈਡੀ ਰਾਹੀਂ ਉਕਤ ਲੜਕੀ ਦੀ ਇਤਰਾਜ਼ਯੋਗ ਫੋਟੋ ਸਾਂਝੀ ਕਰਕੇ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ ਅਤੇ ਲੜਕੀ ਨੂੰ ਸੋਸ਼ਲ ਮੀਡੀਆ ‘ਤੇ ਵੀ ਫਾਲੋ ਕਰ ਤੰਗ ਕਰ ਰਿਹਾ ਸੀ।
ਇਸ ਤੋਂ ਬਾਅਦ ਮੱਖਣ ਸਿੰਘ ਅਤੇ ਉਸ ਦੇ ਨਾਲ ਆਏ ਵਿਅਕਤੀਆਂ ਨੇ ਸ਼ਿਕਾਇਤਕਰਤਾ ਰਾਜ਼ੀਨਾਮਾ ਕਰਨ ਲਈ 15 ਸਤੰਬਰ 2021 ਦਾ ਸਮਾਂ ਮੰਗਿਆ, ਪਰ ਉਹ ਮੌਕੇ ‘ਤੇ ਨਹੀਂ ਆਇਆ। ਪੁਲੀਸ ਨੇ ਮੱਖਣ ਸਿੰਘ ਵਾਸੀ ਪਿੰਡ ਕੇਸਰ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ, 506, ਸੂਚਨਾ ਤਕਨਾਲੋਜੀ ਐਕਟ 66 (ਸੀ), 66 (ਈ), 67 ਏ ਤਹਿਤ ਕੇਸ ਦਰਜ ਕਰ ਲਿਆ ਹੈ।