ਚੰਡੀਗੜ੍ਹ, 30 ਮਾਰਚ 2023 – ਰਾਹੁਲ ਗਾਂਧੀ ਨੂੰ ਸੂਰਤ (ਗੁਜਰਾਤ) ਦੀ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵਾਇਨਾਡ ਦੇ ਸੰਸਦ ਮੈਂਬਰ ਦੀ ਕੁਰਸੀ ਚਲੇ ਜਾਣ ਤੋਂ ਬਾਅਦ ਸਰਕਾਰੀ ਰਿਹਾਇਸ਼ ਖਾਲੀ ਕਰਨ ਦੀ ਸਰਕਾਰੀ ਕਾਰਵਾਈ ਦਰਮਿਆਨ ਚੰਡੀਗੜ੍ਹ ਕਾਂਗਰਸ ਪ੍ਰਧਾਨ ਨੇ ਰਾਹੁਲ ਗਾਂਧੀ ਨੂੰ ਇੱਕ ਪੇਸ਼ਕਸ਼ ਕੀਤੀ ਹੈ। ਚੰਡੀਗੜ੍ਹ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕੇ ਉਹ ਉਨ੍ਹਾਂ ਨੂੰ ਆਪਣੀ ਕੋਠੀ ਦੇਣਾ ਚਾਹੁੰਦੇ ਹਨ। ਇਸ ਸੰਬੰਧੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਵੀ ਲਿਖੀ ਹੈ।
ਲੱਕੀ ਨੇ ਚਿੱਠੀ ਵਿੱਚ ਕਿਹਾ ਹੈ ਕਿ ਮੋਦੀ ਸਰਕਾਰ ਨੇ ਇੱਕ ਸਿਆਸੀ ਸਾਜ਼ਿਸ਼ ਅਤੇ ਇੱਕ ਘਟਨਾਕ੍ਰਮ ਦੇ ਤਹਿਤ ਤੁਹਾਡੇ (ਰਾਹੁਲ ਗਾਂਧੀ) ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ, ਜਿਸ ਤੋਂ ਬਾਅਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਅਲਾਟ ਕੀਤੀ ਸਰਕਾਰੀ ਰਿਹਾਇਸ਼ ਵੀ ਵਾਪਸ ਲੈ ਲਈ ਗਈ ਹੈ। ਦੇਸ਼ ਦੇ ਸਾਰੇ ਕਾਂਗਰਸੀ ਇਸ ਤੋਂ ਦੁਖੀ ਹਨ।
ਅਜਿਹੇ ‘ਚ ਲੱਕੀ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਆਪਣਾ ਮਕਾਨ ਨੰਬਰ 1146, ਸੈਕਟਰ 8-ਸੀ, ਚੰਡੀਗੜ੍ਹ ਉਹਨਾਂ ਨੂੰ ਦੇਣਾ ਚਾਹੁੰਦਾ ਹੈ। ਲੱਕੀ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਜਦੋਂ ਚਾਹੁਣ ਉਨ੍ਹਾਂ ਦੇ ਘਰ ਆ ਕੇ ਰਹਿ ਸਕਦੇ ਹਨ। ਇਸ ਨਾਲ ਉਹ ਬਹੁਤ ਖੁਸ਼ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਪੱਤਰ ਦੀ ਕਾਪੀ ਕਾਂਗਰਸ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਵੀ ਦਿੱਤੀ ਹੈ।