MLAs ਨੂੰ ਨਾਲ ਲੈਕੇ ਜਮੀਨੀ ਹਕੀਕਤਾਂ ਜਾਨਣ ਜਲ ਸਰੋਤ ਵਿਭਾਗ ਦੇ ਅਧਿਕਾਰੀ – ਚੇਤਨ ਜੌੜਾਮਾਜਰਾ

  • ਕਿਹਾ, ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਤਜਵੀਜਾਂ ‘ਤੇ ਅਮਲ ਯਕੀਨੀ ਬਣਾਇਆ ਜਾਵੇ
  • ਜਲ ਸਰੋਤ ਮੰਤਰੀ ਵੱਲੋਂ ਸੂਬਾ ਪੱਧਰੀ ਮੀਟਿੰਗ

ਪਟਿਆਲਾ, 19 ਦਸੰਬਰ 2023 – ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਡਰੇਨੇਜ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜਮੀਨੀ ਹਕੀਕਤਾਂ ਜਾਨਣ ਲਈ ਹਲਕਾ ਵਿਧਾਇਕਾਂ ਨੂੰ ਨਾਲ ਲੈਕੇ ਆਪਣੇ ਇਲਾਕੇ ਦਾ ਦੌਰਾ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਸਮੂਹ ਅਧਿਕਾਰੀ ਸੂਬੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਨ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ, ਢਿੱਲੀ ਕਾਰਗੁਜ਼ਾਰੀ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ।

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਈ ਹਲਕਿਆਂ ਦੇ ਵਿਧਾਇਕਾਂ ਨੂੰ ਨਾਲ ਲੈਕੇ ਜਲ ਸਰੋਤ ਵਿਭਾਗ ਅਧੀਨ ਡਰੇਨੇਜ ਤੇ ਨਹਿਰੀ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨਾਲ ਪਟਿਆਲਾ ਵਿਖੇ ਸੂਬਾ ਪੱਧਰੀ ਸਾਂਝੀ ਬੈਠਕ ਕਰਕੇ ਵਿਭਾਗੀ ਕੰਮ ਕਾਜ ਦਾ ਜਾਇਜ਼ਾ ਲਿਆ। ਮੀਟਿੰਗ ‘ਚ ਵਿਧਾਇਕ ਗੁਰਲਾਲ ਘਨੌਰ, ਗੁਰਪ੍ਰੀਤ ਸਿੰਘ ਬਣਾਂਵਾਲੀ, ਕੁਲਵੰਤ ਸਿੰਘ ਸ਼ੁਤਰਾਣਾ, ਅਮਿਤ ਰਤਨ, ਜਗਸੀਰ ਸਿੰਘ ਭੁੱਚੋ ਮੰਡੀ, ਵਰਿੰਦਰ ਗੋਇਲ ਲਹਿਰਾਗਾਗਾ, ਕੁਲਜੀਤ ਸਿੰਘ ਰੰਧਾਵਾ ਡੇਰਾਬਸੀ ਤੇ ਲਾਭ ਸਿੰਘ ਉਗੋਕੋ ਸਮੇਤ ਮੁੱਖ ਇੰਜੀਨੀਅਰ ਹਰਦੀਪ ਸਿੰਘ ਮਹਿੰਦੀਰੱਤਾ, ਨਿਗਰਾਨ ਇੰਜੀਨੀਅਰ ਮਨੋਜ ਬਾਂਸਲ ਤੇ ਹੋਰ ਉਚ ਅਧਿਕਾਰੀ ਮੌਜੂਦ ਸਨ।

ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸਿੰਚਾਈ ਲਈ ਟੇਲਾਂ ਤੱਕ ਪਾਣੀ ਪਹੁੰਚਾਏ ਜਾਣ ਲਈ ਸ਼ਲਾਘਾ ਵੀ ਕੀਤੀ।
ਚੇਤਨ ਸਿੰਘ ਜੌੜਾਮਾਜਰਾ ਨੇ ਸਮੂਹ ਵਿਧਾਇਕਾਂ ਵੱਲੋਂ ਦਿੱਤੀ ਫੀਡਬੈਕ ਦੇ ਅਧਾਰ ‘ਤੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਘੱਗਰ ਸਮੇਤ ਹੋਰ ਦਰਿਆਵਾਂ ਤੇ ਨਦੀਆਂ ਵਿੱਚ ਆਉਣ ਵਾਲੇ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਤਜਵੀਜਾਂ ‘ਤੇ ਅਮਲ ਯਕੀਨੀ ਬਣਾਇਆ ਜਾਵੇ। ਇਸ ਤੋਂ ਬਿਨ੍ਹਾਂ ਘੱਗਰ ਦੇ ਵਲ ਕੱਢਣ, ਨਦੀਆਂ, ਨਾਲਿਆਂ ਤੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਣ ਤੇ ਨੀਵੇਂ ਪੁੱਲਾਂ, ਸਾਇਫਨਾਂ ਕਰਕੇ ਲਗਦੀ ਡਾਫ ਦਾ ਵੀ ਪੱਕਾ ਹੱਲ ਕੀਤਾ ਜਾਵੇ। ਨਹਿਰੀ ਵਿਭਾਗ ਦੇ ਸਾਰੇ ਰੈਸਟ ਹਾਊਸ ਦੀ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਹਲਕਿਆਂ ਵਿੱਚ ਜਲ ਸਰੋਤ ਵਿਭਾਗ ਨਾਲ ਸਬੰਧਤ ਹੋਣ ਵਾਲੇ ਸਾਰੇ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣੇ ਵੀ ਯਕੀਨੀ ਬਣਾਏ ਜਾਣ।

ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਜਲ ਤੇ ਭੂਮੀ ਰੱਖਿਆ, ਭੂ-ਵਿਗਿਆਨ, ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੈ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਨੂੰ ਹਰ ਖੇਤ ਅਤੇ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਤਾਂ ਕਿ ਪੰਜਾਬ ਅੰਦਰ ਸਿੰਚਾਈ ਲਈ ਟਿਊਬਵੈਲਾਂ ਉਪਰ ਨਿਰਭਰਤਾ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਵਿਭਾਗ ਦੀ ਜਮੀਨ ਉਪਰ ਹੋਏ ਨਜਾਇਜ਼ ਕਬਜੇ ਤੁਰੰਤ ਛਡਵਾਏ ਜਾਣ ਲਈ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਸਕੇ।

ਮੀਟਿੰਗ ਮੌਕੇ ਡਰੇਨੇਜ, ਬੀ.ਐਮ.ਐਲ., ਆਈ ਬੀ ਸਰਕਲਾਂ ਦੇ ਕੈਨਾਲ ਤੇ ਗਰਾਊਂਡ ਵਾਟਰ ਅਧਿਕਾਰੀ ਸੁਖਜੀਤ ਸਿੰਘ ਭੁੱਲਰ, ਅੰਕਿਤ ਧੀਰ, ਗਗਨਦੀਪ ਸਿੰਘ ਗਿੱਲ, ਲਹਿਲ ਮੰਡਲ ਦੇ ਨਵਰੀਤ ਸਿੰਘ ਘੁੰਮਣ, ਸੰਦੀਪ ਮਾਂਗਟ, ਰਜਿੰਦਰ ਘਈ, ਅਤਿੰਦਰਪਾਲ ਸਿੰਘ, ਗੁਰਸਾਗਰ ਸਿੰਘ ਚਹਿਲ, ਸਰੂਪ ਚੰਦ, ਜਗਮੀਤ ਸਿੰਘ ਸਮੇਤ ਸਾਰੇ ਫੀਲਡ ਅਧਿਕਾਰੀ ਤੇ ਮਾਲ ਅਧਿਕਾਰੀ, ਜ਼ਿਲ੍ਹੇਦਾਰ ਮੌਜੂਦ ਸਨ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਬਲਬੀਰ ਸਿੰਘ, ਅਮਨਦੀਪ ਸਿੰਘ ਸੋਨੂ ਥਿੰਦ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੈਡੀਕਲ ਅਫਸਰਾਂ ਦੀ ਭਰਤੀ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਹੇਠ PPSC ਦੇ ਸਾਬਕਾ ਚੇਅਰਮੈਨ ਅਤੇ ਪੰਜ ਮੈਂਬਰਾਂ ਖਿਲਾਫ ਵਿਜੀਲੈਂਸ ਵੱਲੋਂ ਕੇਸ ਦਰਜ

CM ਮਾਨ ਵੱਲੋਂ ਕਿਸਾਨਾਂ ਦੇ ਬਕਾਇਆ ਮਸਲਿਆਂ ਦੇ 31 ਮਾਰਚ ਤੱਕ ਹੱਲ ਲਈ ਕਮੇਟੀ ਦਾ ਗਠਨ