- ਪੁਲਿਸ ਬਣੀ ਰਹੀ ਦਰਸ਼ਕ
ਚੰਡੀਗੜ੍ਹ, 6 ਨਵੰਬਰ 2023 – ਚੰਡੀਗੜ੍ਹ ‘ਚ ਦੇਰ ਰਾਤ ਡੀਜ਼ਲ ਨਾਲ ਭਰਿਆ ਟੈਂਕਰ ਪਲਟ ਗਿਆ। ਇਹ ਹਾਦਸਾ ਸੈਕਟਰ 20-21 ਚੌਕ ‘ਤੇ ਵਾਪਰਿਆ। ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ ਜੋ ਕਿ ਹਾਦਸੇ ਤੋਂ ਬਾਅਦ ਸੜਕ ‘ਤੇ ਫੈਲ ਗਿਆ ਅਤੇ ਇਸ ਨੂੰ ਦੇਖਦੇ ਹੋਏ ਲੋਕਾਂ ਵਿੱਚ ਬਾਲਟੀਆਂ, ਬੋਤਲਾਂ ਅਤੇ ਪਲਾਸਟਿਕ ਦੇ ਡਰੰਮਾਂ ਵਿੱਚ ਡੀਜ਼ਲ ਭਰਨ ਦਾ ਮੁਕਾਬਲਾ ਹੋ ਗਿਆ। ਮੌਕੇ ’ਤੇ ਪੁੱਜੀ ਪੁਲੀਸ ਦੀ ਪੀਸੀਆਰ ਟੀਮ ਵੀ ਲੋਕਾਂ ਨੂੰ ਇਸ ਲੁੱਟ-ਖਸੁੱਟ ਤੋਂ ਨਹੀਂ ਰੋਕ ਸਕੀ। ਹਾਲਾਂਕਿ ਪੁਲੀਸ ਨੇ ਇਹ ਰਸਤਾ ਆਉਣ-ਜਾਣ ਵਾਲੇ ਵਾਹਨਾਂ ਲਈ ਬੰਦ ਕਰ ਦਿੱਤਾ ਸੀ।
ਇਹ ਘਟਨਾ ਰਾਤ ਕਰੀਬ 10:30 ਵਜੇ ਦੀ ਦੱਸੀ ਜਾ ਰਹੀ ਹੈ। ਸੂਚਨਾ ਤੋਂ ਬਾਅਦ ਪੁਲੀਸ ਦੀ ਪੀਸੀਆਰ ਟੀਮ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਟੈਂਕਰ ਨੂੰ ਸਿੱਧਾ ਕਰਨ ਲਈ ਜੇਸੀਬੀ ਮੰਗਵਾਈ ਸੀ ਪਰ ਕਰੀਬ 2 ਘੰਟੇ ਬਾਅਦ ਸਾਢੇ 12 ਵਜੇ ਜੇਸੀਬੀ ਮੌਕੇ ’ਤੇ ਪੁੱਜੀ। ਇਸ ਤੋਂ ਬਾਅਦ ਟੈਂਕਰ ਨੂੰ ਸਿੱਧਾ ਕਰਕੇ ਸੜਕ ਨੂੰ ਸਾਫ਼ ਕਰਕੇ ਆਵਾਜਾਈ ਸ਼ੁਰੂ ਕਰ ਦਿੱਤੀ ਗਈ। ਡੀਜ਼ਲ ਸੜਕ ‘ਤੇ ਫੈਲ ਰਿਹਾ ਸੀ, ਫਿਰ ਵੀ ਰਾਤ ਨੂੰ ਡਿਜ਼ਾਸਟਰ ਮੈਨੇਜਮੈਂਟ ਟੀਮ ਮੌਕੇ ‘ਤੇ ਨਹੀਂ ਪਹੁੰਚੀ।
ਟੈਂਕਰ ਦੇ ਪਲਟਣ ਕਾਰਨ ਡੀਜ਼ਲ ਸੜਕ ‘ਤੇ ਫੈਲਣ ਲੱਗਾ। ਇਹ ਦੇਖ ਕੇ ਲੋਕਾਂ ਨੇ ਬੋਤਲਾਂ, ਬਾਲਟੀਆਂ ਅਤੇ ਪਲਾਸਟਿਕ ਦੇ ਡਰੰਮਾਂ ਵਿੱਚ ਡੀਜ਼ਲ ਭਰਨਾ ਸ਼ੁਰੂ ਕਰ ਦਿੱਤਾ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਟੈਂਕਰ ਸੈਕਟਰ 20-21 ਦੇ ਚੌਕ ਕੋਲ ਪਹੁੰਚਿਆ ਤਾਂ ਅਚਾਨਕ ਇਕ ਕਾਰ ਸਾਹਮਣੇ ਆ ਗਈ। ਇਸ ਕਾਰ ਨੂੰ ਬਚਾਉਣ ਲਈ ਟੈਂਕਰ ਚਾਲਕ ਨੇ ਬ੍ਰੇਕਾਂ ਲਗਾ ਦਿੱਤੀਆਂ। ਇਸ ਤੋਂ ਬਾਅਦ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਕਾਰ ਚਾਲਕ ਔਰਤ ਦੱਸੀ ਜਾ ਰਹੀ ਹੈ। ਟੈਂਕਰ ਚਾਲਕ ਵੀ ਮੌਕੇ ਤੋਂ ਫਰਾਰ ਹੈ।