ਗੁਰਦਾਸਪੁਰ 24 ਸਤੰਬਰ 2024 – ਸ਼ਹਿਰ ਦੇ ਵਾਰਡ ਨੰਬਰ 26 ਦੀ ਕੌਂਸਲਰ ਅਨੀਤਾ ਮਹਾਜਨ ਅਤੇ ਉਨਾਂ ਦੇ ਪੁੱਤਰ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਨਕੁਲ ਮਹਾਜਨ ਦੇ ਘਰ ਦੇ ਬਾਹਰ 28 ਅਗਸਤ ਦੀ ਰਾਤ ਨੂੰ ਗੋਲੀ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਦੱਸ ਦਈਏ ਕਿ 28 ਅਗਸਤ ਦੀ ਰਾਤ ਨੂੰ ਪੌਣੇ 11 ਵਜੇ ਦੇ ਕਰੀਬ ਮੁਹੱਲਾ ਗੋਪਾਲ ਨਗਰ ਵਿਖੇ ਸਥਿਤ ਨਕੁਲ ਮਹਾਜਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਉਸ ਵੇਲੇ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਸਕੂਟਰੀ ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਉਜਾਗਰ ਹੋਏ ਸਨ ਜਿਨਾਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਉਤਰ ਕੇ ਨਕੁਲ ਮਹਾਜਨ ਦੇ ਗੇਟ ਤੇ ਖਲੋ ਕੇ ਲਗਾਤਾਰ ਚਾਰ ਫਾਇਰ ਕੀਤੇ ਸਨ।
ਥਾਨਾ ਸਿਟੀ ਗੁਰਦਾਸਪੁਰ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੇ ਦਿਨ 29 ਅਗਸਤ ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ। ਬੇਹੱਦ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਮਾਮਲੇ ਵਿੱਚ ਸਕੂਟਰੀ ਚਲਾਉਣ ਵਾਲੇ ਨੌਜਵਾਨ ਸਾਹਿਲ ਜੋ ਸਥਾਨਕ ਸੰਤ ਨਗਰ ਮੁਹੱਲੇ ਦਾ ਰਹਿਣ ਵਾਲਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਵਿੱਚ ਸ਼ਾਮਿਲ ਦੂਸਰੇ ਨੌਜਵਾਨ ਜੋ ਥਾਨਾ ਦੋਰਾੰਗਲਾ ਦੇ ਤਹਿਤ ਆਉਂਦੇ ਇੱਕ ਪਿੰਡ ਦਾ ਰਹਿਨ ਵਾਲਾ ਹੈ ਅਤੇ ਜੋ ਨਕੁਲ ਮਹਾਜਨ ਦੇ ਘਰ ਦੇ ਬਾਹਰ ਗੋਲੀ ਚਲਾਉਣ ਦੀ ਵਾਰਦਾਤ ਦਾ ਮੁੱਖ ਦੋਸ਼ੀ ਹੈ ਦੀ ਵੀ ਪੁਲਿਸ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਫਿਲਹਾਲ ਇਸ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।