ਆਨਲਾਈਨ ਗੇਮਿੰਗ ਠੱਗੀ ਗ੍ਰੋਹ ਦਾ ਪਰਦਾਫਾਸ਼: 8 ਕਾਬੂ, 18 ਕਰੋੜ ਰੁਪਏ ਦੀ ਠੱਗੀ ਦਾ ਖੁਲਾਸਾ

ਐੱਸ ਏ ਐੱਸ ਨਗਰ, 17 ਜੁਲਾਈ 2025: ਐਸ.ਐਸ.ਪੀ. ਹਰਮਨਦੀਪ ਹਾਂਸ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਡੀ.ਆਈ.ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਈਬਰ ਕ੍ਰਾਈਮ ਕਰਨ ਵਾਲੇ ਵਿਅਕਤੀਆ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਡੀ.ਐਸ.ਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਐਸ.ਏ.ਐਸ. ਨਗਰ ਦੀ ਸਾਇਬਰ ਕਰਾਇਮ ਪੁਲਿਸ ਵੱਲੋਂ ਇੱਕ ਵੱਡੇ ਠੱਗੀ ਰੈਕਟ ਦਾ ਪਰਦਾਫਾਸ਼ ਕਰਦਿਆਂ ਆਨਲਾਈਨ ਗੇਮਿੰਗ ਐਪ ਰਾਹੀਂ ਲੋਕਾਂ ਨੂੰ ਵੱਡਾ ਮੁਨਾਫਾ ਕਮਾਉਣ ਦੇ ਲਾਲਚ ‘ਚ ਠੱਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਇਹ ਗਿਰੋਹ ਭਾਰਤ ਭਰ ਦੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 18 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ।

ਉਨ੍ਹਾਂ ਦੱਸਿਆ ਕਿ ਸਾਈਬਰ ਪੁਲਿਸ ਨੂੰ ਖ਼ੁਫੀਆ ਸੂਚਨਾ ਮਿਲਣ ‘ਤੇ ਖਰੜ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ (ਕੋਈਆਨ ਸਿਟੀ ਹੋਮਜ਼ ਗਿਲਕੋ ਵੈਲੀ, ਰੋਇਲ ਅਪਾਰਟਮੈਂਟ) ‘ਚ ਰੇਡ ਕੀਤੀਆਂ ਗਈਆਂ। ਇਸ ਦੌਰਾਨ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ‘ਚ ਤਕਨੀਕੀ ਅਤੇ ਵਿੱਤੀ ਸਮਾਨ ਬਰਾਮਦ ਹੋਇਆ:
ਬਰਾਮਦਗੀ:
5 ਲੈਪਟਾਪ
51 ਮੋਬਾਇਲ ਫੋਨ
70 ਸਿਮ ਕਾਰਡ
127 ਬੈਂਕ ਏ.ਟੀ.ਐਮ. ਕਾਰਡ
2,50,000 ਨਕਦ ਰਕਮ

ਠੱਗੀ ਦੀ ਵਿਧੀ:
ਦੋਸ਼ੀਆਂ ਵੱਲੋਂ https://www.allpanelexch.com ਵੈਬਸਾਈਟ ਰਾਹੀਂ ਆਨਲਾਈਨ ਗੇਮ ਖੇਡਣ ਅਤੇ ਵੱਡਾ ਮੁਨਾਫਾ ਜਿੱਤਣ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਲੁਭਾਇਆ ਜਾਂਦਾ ਸੀ। ਪਹਿਲਾਂ ਲੋਕਾਂ ਨੂੰ ਵਟਸਐੱਪ ਰਾਹੀਂ ਜਾਅਲੀ ਡੈਮੋ ਵਿਖਾ ਕੇ ਆਈ.ਡੀ. ਬਣਾਉਣ ਲਈ ਲਾਲਚ ਦਿੱਤਾ ਜਾਂਦਾ ਸੀ। ਫਿਰ ਉਨ੍ਹਾਂ ਨੂੰ ਇੱਕ ਲਿੰਕ ਭੇਜ ਕੇ ਵੈੱਬਸਾਈਟ ‘ਤੇ ਲਾਗਇਨ ਕਰਵਾ ਕੇ ਵੱਖ-ਵੱਖ ਖਾਤਿਆਂ ਰਾਹੀਂ ਵੱਡੀਆਂ ਰਕਮਾਂ ਟਰਾਂਸਫਰ ਕਰਵਾਈ ਜਾਂਦੀਆਂ ਸਨ। ਇਹ ਗਰੋਹ ਖਰੜ ਵਿੱਚ ਦੋ ਅਲੱਗ-ਅਲੱਗ ਠਿਕਾਣਿਆਂ ਤੋਂ ਇਹ ਠੱਗੀ ਚਲਾ ਰਿਹਾ ਸੀ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦਾ ਮਾਸਟਰਮਾਈਂਡ “ਵਿਜੈ” ਨਾਂ ਦਾ ਵਿਅਕਤੀ ਹੈ, ਜੋ ਅਜੇ ਫਰਾਰ ਹੈ ਅਤੇ ਜਿਸ ਦੀ ਗ੍ਰਿਫਤਾਰੀ ਲਈ ਕਾਢ ਜਾਰੀ ਹੈ।

ਮੁਕੱਦਮਾ ਵੇਰਵਾ:
ਐਫ.ਆਈ.ਆਰ ਨੰਬਰ: 35, ਮਿਤੀ: 17/07/2025 ਧਾਰਾ 318(4) ਭਾਰਤੀ ਨਿਆਂ ਸੰਹਿਤਾ (BNS) ਅਤੇ 66 IT ਐਕਟ, ਥਾਣਾ: ਸਾਇਬਰ ਕਰਾਇਮ, ਐਸ.ਏ.ਐਸ. ਨਗਰ
ਗ੍ਰਿਫਤਾਰ ਦੋਸ਼ੀਆਂ ਦੀ ਜਾਣਕਾਰੀ:

  1. ਪੰਕਜ ਗੋਸਵਾਮੀ, ਵਾਸੀ: ਜਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ
  2. ਤੈਵਨ ਕੁਮਾਰ ਉਲੀਕੇ, ਵਾਸੀ: ਨਾਗਪੁਰ, ਮਹਾਰਾਸ਼ਟਰ
  3. ਗੁਰਪ੍ਰੀਤ ਸਿੰਘ, ਵਾਸੀ: ਹਨੂੰਮਾਨਗੜ੍ਹ, ਰਾਜਸਥਾਨ
  4. ਮਨਜੀਤ ਸਿੰਘ, ਵਾਸੀ: ਟਿੱਬੀ, ਰਾਜਸਥਾਨ
  5. ਨਿਖੀਲ ਕੁਮਾਰ, ਵਾਸੀ: ਜੈਨਪੁਰ, ਬਿਹਾਰ
  6. ਅਜੈ. ਵਾਸੀ: ਟਿੱਬੀ, ਰਾਜਸਥਾਨ
  7. ਹਰਸ਼ ਕੁਮਾਰ, ਵਾਸੀ: ਮੱਧ ਪ੍ਰਦੇਸ਼
  8. ਰਿਤੇਸ਼ ਮਾਝੀ, ਵਾਸੀ: ਸੁਭਾਸ਼ ਚੌਕ, ਮੱਧ ਪ੍ਰਦੇਸ਼

ਸਾਇਬਰ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਅਜਿਹੀਆਂ ਝੂਠੀਆਂ ਵੈੱਬਸਾਈਟਾਂ ਤੋਂ ਸਾਵਧਾਨ ਰਹਿਣ ਅਤੇ ਆਨਲਾਈਨ ਗੇਮ ਜਾਂ ਨਿਵੇਸ਼ ਸਬੰਧੀ ਕਿਸੇ ਵੀ ਸੰਦਰਭ ਵਿੱਚ ਪੂਰੀ ਜਾਂਚ/ਪੁਸ਼ਟੀ ਤੋਂ ਬਿਨਾਂ ਆਪਣੀ ਵਿੱਤੀ ਜਾਂ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਵਿੱਚ ਭਿਖਾਰੀਆਂ ਵਿਰੁੱਧ ਕਾਰਵਾਈ ਸ਼ੁਰੂ: DNA ਲਈ ਮਾਪੇ ਅਤੇ ਬੱਚੇ ਹਿਰਾਸਤ ਵਿੱਚ ਲਏ