ਚੰਡੀਗੜ੍ਹ, 7 ਸਤੰਬਰ 2025 – ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਰਹਿੰਦਿਆਂ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਅਜੂਬਾ ਸਿਟੀ ਵਿੱਚ ਸਟੋਰ ‘ਤੇ ਨੌਕਰੀ ਕਰਦਾ 30 ਸਾਲਾ ਗੁਰਜੰਟ ਸਿੰਘ, ਪਿੰਡ ਭਿੰਡੀਸੈਦਾਂ ਦਾ ਵਸਨੀਕ ਸੀ। ਘਰ ਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਿਹਰੇ ਭਵਿੱਖ ਲਈ ਉਹ ਲਗਭਗ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ, ਪਰ ਅਚਾਨਕ ਦਿਲ ਦੇ ਦੌਰੇ ਨੇ ਉਸਦੀ ਜ਼ਿੰਦਗੀ ਖਤਮ ਕਰ ਦਿੱਤੀ।
ਪਰਿਵਾਰ ਵੱਲੋਂ ਦੱਸਿਆ ਗਿਆ ਕਿ ਗੁਰਜੰਟ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਘਰ ਵਿੱਚ ਮਾਤਮ ਛਾ ਗਿਆ। ਮਾਪੇ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਭਰ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ।
ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਪਰ ਕਿਸਮਤ ਨੇ ਉਸਨੂੰ ਬਹੁਤ ਜਲਦੀ ਖੋਹ ਲਿਆ। ਪਰਿਵਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀਆਂ ਸੰਸਥਾਵਾਂ ਕੋਲੋਂ ਬੇਨਤੀ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਪੰਜਾਬ ਲਿਆਈ ਜਾਵੇ ਤਾਂ ਜੋ ਉਸਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਘਟਨਾ ਨੇ ਨਾ ਸਿਰਫ਼ ਪਰਿਵਾਰ ਨੂੰ, ਸਗੋਂ ਸਾਰੇ ਪਿੰਡ ਨੂੰ ਗਹਿਰੇ ਦੁੱਖ ‘ਚ ਡੁੱਬੋ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਕਾਰਵਾਈ ਕਰਕੇ ਪਰਿਵਾਰ ਨੂੰ ਸਹਾਰਾ ਦਿੱਤਾ ਜਾਵੇ।

