ਪੰਜਾਬ ‘ਚ ਦੀਵਾਲੀ ‘ਤੇ ਸਿਰਫ ਗਰੀਨ ਪਟਾਕਿਆਂ ਦੀ ਹੀ ਵਰਤੋਂ: ਸਰਕਾਰ ਵੱਲੋਂ ਹਦਾਇਤਾਂ ਜਾਰੀ, ਡੀਸੀ ਕਰਨਗੇ ਨਿਗਰਾਨੀ

ਚੰਡੀਗੜ੍ਹ, 15 ਅਕਤੂਬਰ 2024 – ਪੰਜਾਬ ਸਰਕਾਰ ਵੱਲੋਂ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਸੂਬੇ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਵਿਆਪਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਸੂਬਾ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਤਿਉਹਾਰਾਂ ਵਿੱਚ ਆਮ ਤੌਰ ‘ਤੇ ਪਟਾਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਬਜ਼ੁਰਗਾਂ ਸਮੇਤ ਸਾਹ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਬੁਲਾਰੇ ਨੇ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦਾ ਹਵਾਲਾ ਦਿੱਤਾ, ਜੋ ਪਟਾਕਿਆਂ ਦੀ ਵਰਤੋਂ ਬਾਰੇ ਸੂਬਾ ਸਰਕਾਰ ਵੱਲੋਂ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਸਮੇਂ-ਸਮੇਂ ‘ਤੇ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਹੁਕਮਾਂ ਦੇ ਅਨੁਸਾਰ, ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਅਧੀਨ ਕੇਂਦਰ ਸਰਕਾਰ ਦੁਆਰਾ ਸੌਂਪੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਸਰਕਾਰ ਸੂਬੇ ਭਰ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਮਨਾਹੀ, ਪਾਬੰਦੀਆਂ ਅਤੇ ਨਿਯਮਾਂ ਨੂੰ ਲਾਗੂ ਕਰਦੀ ਹੈ।

ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਲੜੀ (ਸੀਰੀਜ਼ ਪਟਾਕੇ) ਦੇ ਨਿਰਮਾਣ, ਭੰਡਾਰਨ, ਵੰਡ, ਵਿਕਰੀ ਅਤੇ ਵਰਤੋਂ ‘ਤੇ ਰਾਜ ਵਿਆਪੀ ਪਾਬੰਦੀ ਲਗਾਈ ਗਈ ਹੈ। ਸਿਰਫ਼ “ਹਰੇ ਪਟਾਕੇ” (ਜਿਹਨਾਂ ਵਿੱਚ ਬੇਰੀਅਮ ਸਾਲਟਸ ਜਾਂ ਐਂਟੀਮੋਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਮਿਸ਼ਰਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ) ਦੀ ਵਿਕਰੀ ਅਤੇ ਵਰਤੋਂ ਲਈ ਆਗਿਆ ਦਿੱਤੀ ਗਈ ਹੈ। ਵਿਕਰੀ ਸਿਰਫ਼ ਮਨਜ਼ੂਰਸ਼ੁਦਾ ਪਟਾਕਿਆਂ ਦਾ ਵਪਾਰ ਕਰਨ ਵਾਲੇ ਲਾਇਸੰਸਸ਼ੁਦਾ ਵਪਾਰੀਆਂ ਤੱਕ ਸੀਮਤ ਹੈ ਅਤੇ ਮਨਜ਼ੂਰਸ਼ੁਦਾ ਡੈਸੀਬਲ ਪੱਧਰ ਤੋਂ ਵੱਧ ਸਮਰਥਾ ਵਾਲੇ ਪਟਾਕਿਆਂ ਨੂੰ ਸਟੋਰ ਕਰਨ, ਪ੍ਰਦਰਸ਼ਨ ਕਰਨ ਜਾਂ ਵੇਚਣ ਦੀ ਮਨਾਹੀ ਹੈ।

ਸੂਬਾ ਸਰਕਾਰ ਨੇ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਵਰਤੋਂ ਲਈ ਸੀਮਤ ਸਮਾਂ ਸੀਮਾ ਤੈਅ ਕੀਤੀ ਹੈ। ਦੀਵਾਲੀ (31 ਅਕਤੂਬਰ, 2024) ਨੂੰ ਰਾਤ 8:00 ਵਜੇ ਤੋਂ ਰਾਤ 10:00 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਗੁਰਪੁਰਬ (ਨਵੰਬਰ 15, 2024) ਨੂੰ ਸਵੇਰੇ 4:00 ਵਜੇ ਤੋਂ ਸਵੇਰੇ 5:00 ਵਜੇ ਅਤੇ ਰਾਤ 9:00 ਤੋਂ ਰਾਤ 10:00 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਸੇ ਤਰ੍ਹਾਂ ਕ੍ਰਿਸਮਸ ਦੀ ਸ਼ਾਮ (25-26 ਦਸੰਬਰ, 2024) ਅਤੇ ਨਵੇਂ ਸਾਲ ਤੋਂ ਪਹਿਲੀ ਰਾਤ (31 ਦਸੰਬਰ, 2024 – 1 ਜਨਵਰੀ, 2025) ਨੂੰ 11:55 ਵਜੇ ਤੋਂ 12:30 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ।

ਬੁਲਾਰੇ ਨੇ ਅੱਗੇ ਕਿਹਾ ਕਿ ਫਲਿੱਪਕਾਰਟ ਅਤੇ ਐਮਾਜ਼ਾਨ ਸਮੇਤ ਈ-ਕਾਮਰਸ ਪਲੇਟਫਾਰਮਾਂ ‘ਤੇ ਪੰਜਾਬ ਰਾਜ ਦੇ ਅੰਦਰ ਆਨਲਾਈਨ ਆਰਡਰ ਲੈਣ ਜਾਂ ਵਿਕਰੀ ਕਰਨ ‘ਤੇ ਸਖ਼ਤ ਮਨਾਹੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰਾਂ ਨੂੰ ਪਟਾਕਿਆਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਵਿਆਪਕ ਜਨ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਮਨਜ਼ੂਰਸ਼ੁਦਾ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਿਰਫ਼ ਨਿਰਧਾਰਤ ਸਮੇਂ ਅਤੇ ਪ੍ਰਵਾਨਿਤ ਸਥਾਨਾਂ ‘ਤੇ ਕਰਨਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੰਬਈ ‘ਚ ਇੱਕ ਵਿਅਕਤੀ ਦੀ ਮੌਬ ਲਿੰਚਿੰਗ: ਮਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਉਸ ਨੂੰ ਵੀ ਕੁੱਟਿਆ, ਪਤਨੀ ਦਾ ਹੋਇਆ ਗਰਭਪਾਤ, ਪਿਤਾ ਦੀ ਅੱਖ ਹੋਈ ਖਰਾਬ

ਪੰਜਾਬ ਪੁਲਿਸ ਨੇ ਰਾਜਸਥਾਨ ਅਧਾਰਤ ਸੁਭਾਸ਼ ਸੋਹੂ ਦੇ ਕਤਲ ਦੀ ਗੁੱਥੀ ਸੁਲਝਾਈ, ਗ੍ਰਿਫ਼ਤਾਰ ਕੀਤੇ ਗਏ ਹਥਿਆਰ ਸਪਲਾਇਰ ਹੀ ਨਿੱਕਲੇ ਕਾਤਲ