ਜਲੰਧਰ, 14 ਜੂਨ 2022 – ਮਾਨਸਾ ‘ਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲਾਂ ਦੇ ਘੇਰੇ ‘ਚ ਘਿਰੀ ਪੰਜਾਬ ਪੁਲਸ ਹੁਣ ਹਰ ਕਦਮ ਚੁਸਤ-ਦਰੁਸਤ ਚੁੱਕ ਰਹੀ ਹੈ। 15 ਜੂਨ ਨੂੰ ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਸਰਕਾਰੀ ਵੋਲਵੋ ਬੱਸਾਂ ਨੂੰ ਸ਼ੁਰੂ ਕਰਨ ਲਈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ, ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਜਲੰਧਰ ਪਹੁੰਚ ਰਹੇ ਹਨ।
ਬੱਸ ਸਟੈਂਡ ਵਿਖੇ ਹੋਣ ਵਾਲੇ ਇਸ ਸਮਾਗਮ ਦੇ ਸਬੰਧ ਵਿਚ ਪੁਲਿਸ ਨੇ ਇਸ ਦੇ ਆਸ-ਪਾਸ ਰਹਿਣ ਵਾਲੇ ਕਾਰੋਬਾਰੀਆਂ ਅਤੇ ਹੋਰ ਲੋਕਾਂ ਦੇ ਲਾਇਸੈਂਸੀ ਹਥਿਆਰ ਜਮਾਂ ਕਰਨੇ ਸ਼ੁਰੂ ਕਰ ਦਿੱਤੇ ਹਨ | ਹਥਿਆਰ ਜਮ੍ਹਾਂ ਕਰਵਾਉਣ ਪਿੱਛੇ ਮੁੱਖ ਮੰਤਰੀ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਅਜਿਹਾ ਸੂਬੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ। 4 ਦਿਨਾਂ ਤੋਂ ਥਾਣਾ ਨੰਬਰ-6 ਦੀ ਪੁਲਸ ਨੇ ਕਰੀਬ 70 ਫੀਸਦੀ ਹਥਿਆਰ ਜਮ੍ਹਾ ਕਰਵਾਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਲਿਖਤੀ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਡੀਸੀਪੀ (ਲਾਅ ਐਂਡ ਆਰਡਰ) ਅੰਕੁਰ ਗੁਪਤਾ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਗ੍ਰੀਨ ਪਾਰਕ ਦੇ ਵਸਨੀਕ ਫੇਅਰ ਡੀਲ ਫਾਈਨਾਂਸ ਕੰਪਨੀ ਦੇ ਮਾਲਕ ਰਾਜੇਸ਼ ਗੁਪਤਾ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਨੂੰ ਏਐਸਆਈ ਸੁਰਜੀਤ ਸਿੰਘ ਦਾ ਫੋਨ ਆਇਆ ਕਿ ਮੁੱਖ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੇ ਹਥਿਆਰ ਜਮ੍ਹਾਂ ਕਰਾਉਣ ਦੇ ਆਦੇਸ਼ ਹਨ। ਜਦੋਂ ਉਸਨੇ ਆਰਡਰ ਦੀ ਕਾਪੀ ਮੰਗੀ ਤਾਂ ਏਐਸਆਈ ਨੇ ਜਵਾਬ ਦਿੱਤਾ ਕਿ ਸਾਰੇ ਆਰਡਰ ਲਿਖਤੀ ਰੂਪ ਵਿੱਚ ਨਹੀਂ ਹਨ। ਘਰ ਆ ਕੇ ਹਥਿਆਰ ਲੈ ਗਏ। ਉਸਦੇ ਦੋ ਹਥਿਆਰਾਂ ਦੀ ਕੀਮਤ ਕਰੀਬ 10 ਲੱਖ ਰੁਪਏ ਹੈ। ਫਾਰਮਾ ਕੇਅਰ ਲੈਬਾਰਟਰੀ ਦੇ ਮਾਲਕ ਸਾਹਿਬ ਸਿੰਘ ਪਰਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਥਿਆਰ ਜਮ੍ਹਾਂ ਕਰਵਾ ਕੇ ਰਸੀਦਾਂ ਦਿੱਤੀਆਂ ਗਈਆਂ ਹਨ।