- BSF ਜਵਾਨਾਂ ਨੇ ਕੀਤੀ ਗੋਲੀਬਾਰੀ
ਅੰਮ੍ਰਿਤਸਰ, 25 ਅਕਤੂਬਰ 2022 – ਦੀਵਾਲੀ ਵਾਲੀ ਰਾਤ ਵੀ ਪਾਕਿਸਤਾਨੀ ਤਸਕਰਾਂ ਨੇ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਚੌਕਸ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ ਰਾਤ ਤਿੰਨ ਵਾਰ ਪਾਕਿਸਤਾਨ ਤੋਂ ਆਏ ਡਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ ਅਤੇ ਬੀਐਸਐਫ ਦੇ ਜਵਾਨਾਂ ਨੇ ਉਸ ‘ਤੇ ਗੋਲੀਬਾਰੀ ਕਰਕੇ ਉਸ ਨੂੰ ਵਾਪਸ ਭਜਾ ਦਿੱਤਾ।
ਇਹ ਘਟਨਾ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਬੀਓਪੀ ਚੰਡੀਗੜ੍ਹ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਸਮੱਗਲਰਾਂ ਨੇ ਰਾਤ 10 ਤੋਂ 12 ਵਜੇ ਦਰਮਿਆਨ ਤਿੰਨ ਵਾਰ ਭਾਰਤੀ ਖੇਤਰ ਵਿੱਚ ਡਰੋਨ ਭੇਜਣ ਦੀ ਕੋਸ਼ਿਸ਼ ਕੀਤੀ। ਪਰ ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰੌਸ਼ਨੀ ਬੰਬ ਵੀ ਸੁੱਟੇ ਗਏ। ਗੋਲੀਬਾਰੀ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵੱਲ ਵਾਪਿਸ ਪਰਤ ਗਿਆ।
ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਬੀ.ਐਸ.ਐਫ ਨੇ ਪੁਲਿਸ ਦੇ ਸਹਿਯੋਗ ਨਾਲ ਬੀਓਪੀ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਬੀਐਸਐਫ ਨੇ ਪਿਛਲੇ ਹਫ਼ਤੇ ਸਿਰਫ਼ ਚਾਰ ਦਿਨਾਂ ਵਿੱਚ ਤਿੰਨ ਪਾਕਿਸਤਾਨੀ ਡਰੋਨਾਂ ਨੂੰ ਡੇਗ ਦਿੱਤਾ ਸੀ। ਪਹਿਲਾ ਡਰੋਨ ਅੰਮ੍ਰਿਤਸਰ ਦੇ ਅਜਨਾਲਾ ਤੋਂ ਫੜਿਆ ਗਿਆ। ਦੂਜੇ ਪਾਸੇ 16 ਅਕਤੂਬਰ ਨੂੰ ਐਤਵਾਰ ਰਾਤ ਨੂੰ ਪਿੰਡ ਰਾਣੀਆ ਵਿੱਚ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ। 17 ਰਾਊਂਡ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਨੂੰ ਡੇਗ ਦਿੱਤਾ ਗਿਆ। ਅਗਲੇ ਹੀ ਦਿਨ 17 ਅਕਤੂਬਰ ਨੂੰ ਰਾਤ 8:30 ਵਜੇ ਬੀਐਸਐਫ ਨੇ ਤੀਜੀ ਕਾਮਯਾਬੀ ਹਾਸਲ ਕੀਤੀ ਸੀ।