ਫਿਰੋਜ਼ਪੁਰ, 7 ਜੂਨ 2022 – ਮਾਨਵਤਾ ਦਾ ਸੰਦੇਸ਼ ਦਿੰਦੇ ਹੋਏ ਭਾਰਤੀ ਸਰਹੱਦਾਂ ਦੀ ਰਾਖੀ ਕਰ ਰਹੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਕ ਨਾਬਾਲਗ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਤੋਂ ਬਾਅਦ ਬੀਐਸਐਫ ਨੂੰ ਪਤਾ ਲੱਗਾ ਕਿ ਗ੍ਰਿਫਤਾਰ ਨੌਜਵਾਨ ਨਾਬਾਲਗ ਸੀ ਅਤੇ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਕਾਗਜ਼ੀ ਕਾਰਵਾਈ ਕਰਦੇ ਹੋਏ ਉਸ ਨੂੰ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਕਰੀਬ 6.30 ਵਜੇ ਫਿਰੋਜ਼ਪੁਰ ਸੈਕਟਰ ਵਿੱਚ ਫਾਜ਼ਿਲਕਾ ਨੇੜੇ ਇੱਕ ਨੌਜਵਾਨ ਨੂੰ ਭਾਰਤੀ ਸਰਹੱਦ ਵਿੱਚ ਲੱਗੀ ਕੰਡਿਆਲੀ ਤਾਰ ਤੋਂ ਪਾਰ ਲੰਘਦਾ ਦੇਖਿਆ ਗਿਆ। ਜਵਾਨ ਨੂੰ ਦੇਖ ਕੇ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਆਵਾਜ਼ ਬੁਲੰਦ ਕੀਤੀ ਤਾਂ ਨੌਜਵਾਨ ਉਥੇ ਹੀ ਰੁਕ ਗਿਆ ਅਤੇ ਘਬਰਾ ਗਿਆ। ਬੀਐਸਐਫ ਨੇ ਉਸ ਨੂੰ ਫੜ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਨੌਜਵਾਨ ਦੀ ਜੇਬ ‘ਚੋਂ 690 ਰੁਪਏ ਵੀ ਮਿਲੇ, ਇਹ ਪਾਕਿਸਤਾਨੀ ਕਰੰਸੀ ਸੀ। ਪੁੱਛਗਿੱਛ ਦੌਰਾਨ ਨੌਜਵਾਨਾਂ ਕੋਲੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਉਸ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਸੀ। ਇਸ ਤੋਂ ਬਾਅਦ ਇਸ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ। ਨੌਜਵਾਨ ਨੇ ਆਪਣਾ ਨਾਮ ਅਬਦੁਲ ਮਜੀਦ ਪੁੱਤਰ ਮੁਹੰਮਦ ਆਦਰਿਕ ਪਿੰਡ ਮੰਚੂਰੀਆ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਓਮਕਾਰਾ ਪਾਕਿਸਤਾਨ ਦੱਸਿਆ। ਉਸ ਦਾ ਪਿੰਡ ਸਰਹੱਦ ਦੇ ਨੇੜੇ ਹੈ।

