ਖਮਾਣੋ, 12 ਜੁਲਾਈ 2025 – ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਮਾਣੋ ਅਧੀਨ ਆਉਂਦੇ ਪਿੰਡ ਲਖਨਪੁਰ ਗਰਚਾਂ ਪੱਤੀ ਦੀ ਪੰਚਾਇਤ ਵੱਲੋਂ ਨਜਾਇਦਜ਼ ਤੌਰ ‘ਤੇ ਪਿੰਡ ਵਿੱਚ ਬੈਠੇ ਬਿਨਾਂ ਕਿਸੇ ਪਹਿਚਾਣ ਤੋਂ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿੱਚੋਂ ਜਾਣ ਲਈ ਮਤਾ ਪਾਸ ਕੀਤਾ ਗਿਆ ਹੈ, ਤੇ ਇੱਕ ਹਫਤੇ ਦਾ ਪਿੰਡ ਵਿੱਚੋਂ ਜਾਣ ਲਈ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡ ਦੀ ਪੰਚਾਇਤ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ।
ਪੰਚਾਇਤ ਵੱਲੋਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ ਕਿ ਪਿੰਡ ਵਿਚ ਲੁੱਟਾਂ-ਖੋਹਾਂ, ਨਸ਼ਿਆਂ ਵਰਗੀਆਂ ਅਪਰਾਧਕ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ। ਪੰਚਾਇਤ ਵੱਲੋਂ ਦੋਸ਼ ਲਗਾਇਆ ਗਿਆ ਕਿ ਰਜਵਾਹੇ ‘ਤੇ ਬੈਠੇ ਇਹ ਪ੍ਰਵਾਸੀ ਪਿੰਡ ਦੀਆਂ ਗਲੀਆਂ ਵਿਚ ਜਾ ਕੇ ਇੱਥੇ ਅਵਾਰਾ ਘੁੰਮਦੇ ਫਿਰਦੇ ਹਨ, ਉੱਥੇ ਹੀ ਸਿਗਰੇਟਾਂ-ਬੀੜੀਆਂ ਪੀਣ ਦੇ ਨਾਲ-ਨਾਲ ਸੈਰ ਕਰਨ ਆਉਣ ਵਾਲੀਆਂ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਨਾਜਾਇਜ਼ ਤੌਰ ‘ਤੇ ਤੰਗ ਪਰੇਸ਼ਾਨ ਵੀ ਕਰਦੇ ਹਨ ਤੇ ਭੰਗ ਆਦਿ ਉੱਗਾ ਕੇ ਉਸ ਦਾ ਨਸ਼ਾ ਵੀ ਕਰਦੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਵਾਸੀ ਭਾਵੇਂ ਪੰਜਾਬ ਵਿਚ ਸਮੇਂ-ਸਮੇਂ ‘ਤੇ ਝੋਨੇ, ਕਣਕ ਦੀ ਲਵਾਈ ਲਈ ਕੰਮ ਕਰਨ ਲਈ ਜ਼ਰੂਰ ਆਉਂਦੇ ਰਹਿੰਦੇ ਹਨ, ਪ੍ਰੰਤੂ ਇਹ ਤਾਂ ਪੱਕੇ ਤੌਰ ‘ਤੇ ਡੇਰੇ ਬਣਾ ਕੇ ਬੈਠ ਗਏ ਹਨ, ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ‘ਤੇ ਵੀ ਸਵਾਲੀਆ ਚਿੰਨ੍ਹ ਖੜ੍ਹੇ ਹੁੰਦੇ ਹਨ। ਕੋਈ ਪਛਾਣ ਨਾ ਹੋਣ ਕਾਰਨ ਇਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਇਥੋਂ ਭੱਜ ਸਕਦੇ ਹਨ, ਜਿਨ੍ਹਾਂ ਦੀਆਂ ਕੋਈ ਗਤੀਵਿਧੀਆਂ ਬਾਰੇ ਪਤਾ ਨਹੀਂ ਲੱਗ ਸਕਦਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਕੋਈ ਪਿੰਡ ਦਾ ਜ਼ਿਮੀਂਦਾਰ ਆਪਣੀਆਂ ਮੋਟਰਾਂ ‘ਤੇ ਇਨ੍ਹਾਂ ਪ੍ਰਵਾਸੀਆਂ ਨੂੰ ਰੱਖਣਾ ਚਾਹੁੰਦਾ ਹੈ ਤਾਂ, ਉਹ ਪੱਕੇ ਤੌਰ ‘ਤੇ ਉਨ੍ਹਾਂ ਦੇ ਪਛਾਣ ਪੱਤਰ ਲੈ ਕੇ ਆਪਣੀ ਜਿੰਮੇਵਾਰੀ ‘ਤੇ ਰੱਖ ਸਕਦਾ ਹੈ।

