ਚੰਡੀਗੜ੍ਹ, 31 ਜੁਲਾਈ 2025- ਪੰਜਾਬ ਵਿੱਚ ਸੂਬਾ ਸਰਕਾਰ ਦੇ ਵੱਲੋਂ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਹੁਕਮਾਂ ਵਿੱਚ ਸੂਬੇ ਦੇ ਸਮੂਹ ਏਡੀਸੀ (D) ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਹੈ ਕਿ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਮਿਤੀ 5 ਅਕਤੂਬਰ 2025 ਤੱਕ ਕਰਵਾਈਆਂ ਜਾਣ।
ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ, “ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਸਰਕਾਰ ਵਲੋਂ ਮਿਤੀ 05.10.2025 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਆਪ ਵਲੋਂ ਭੇਜੇ ਗਏ ਬਲਾਕਾਂ ਦੇ ਪੁਨਰਗਠਨ ਕਰਨ ਸਬੰਧੀ ਤਜਵੀਜਾਂ ਮੰਤਰੀ ਮੰਡਲ ਵਲੋਂ ਕੀਤੀ ਗਈ ਮੀਟਿੰਗ ਵਿਚ ਪ੍ਰਵਾਨ ਕਰ ਲਈਆਂ ਗਈਆਂ ਹਨ। ਇਸ ਅਨੁਸਾਰ ਹੀ ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦਾਂ ਦੇ ਚੋਣ ਹਲਕੇ ਬਣਾਏ ਜਾਣੇ ਹਨ। ਇਸ ਸਬੰਧੀ ਅੱਜ ਮਿਤੀ 30.07.2025 ਨੂੰ ਮਾਨਯੋਗ ਪ੍ਰਬੰਧਕੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਨਿਮਨ ਹਸਤਾਖਰ ਵਲੋਂ ਵੀ.ਸੀ. ਰਾਹੀਂ ਆਪ ਨੂੰ ਚੋਣ ਹਲਕੇ ਬਨਾਉਣ ਸਬੰਧੀ ਹੇਠ ਲਿਖੇ ਨਿਰਦੇਸ਼ ਦਿੱਤੇ ਹਨ:-

- ਬਲਾਕਾਂ ਦੇ ਪੁਨਰਗਠਨ ਸਬੰਧੀ ਭੇਜੀਆਂ ਗਈਆਂ ਤਜਵੀਜਾਂ ਅਨੁਸਾਰ ਹੀ ਚੋਣ ਹਲਕੇ ਬਣਾਏ ਜਾਣ
- ਚੋਣ ਹਲਕੇ ਬਣਾਉਣ ਲਈ ਸਾਰੇ ਸਟੈਕ ਹੋਲਡਰਾਂ ਨਾਲ ਤਾਲਮੇਲ/ਮੀਟਿੰਗ ਕਰਕੇ ਚੋਣ ਹਲਕੇ ਤਿਆਰ ਕੀਤੇ ਜਾਣ
- ਚੋਣ ਹਲਕੇ ਬਣਾਉਣ ਸਮੇਂ ਨਿਯਮਾਂ ਨੂੰ ਧਿਆਨ ਵਿਚ ਰੱਖਿਆ ਜਾਵੇ
- ਇਹ ਚੋਣ ਹਲਕੇ ਨੱਥੀ ਪ੍ਰੋਫਾਰਮਿਆਂ ਵਿਚ ਹੀ ਭਰ ਕੇ ਭੇਜੇ ਜਾਣ
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਖੁਦ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੋਣ ਹਲਕੇ ਨੱਥੀ ਪ੍ਰਫਾਰਮੇ ਵਿਚ ਬਣਾ ਕੇ ਮਿਤੀ 04.08.2025 ਨੂੰ 11.00 ਵਜੇ ਅਧਿ-ਸੂਚਨਾਂ ਦੀਆਂ 2-2 ਕਾਪੀਆਂ ਪੈਨ ਡਰਾਈਵ ਸਮੇਤ ਲਿਆਉਣ। ਚੋਣ ਹਲਕੇ ਨਕਸ਼ੇ ਵਿਚ ਵਖਰੇ-ਵੱਖਰੇ ਰੰਗਾਂ ਵਿਚ ਦਰਸਾ ਕੇ ਨਕਸ਼ਾ ਭੇਜਿਆ ਜਾਵੇ ਤਾਂ ਜੋ ਘੋਖ ਕੀਤੀ ਜਾ ਸਕੇ ਕਿ ਚੋਣ ਹਲਕੇ ਨਾਲ ਲੱਗਦੀਆਂ ਗਰਾਮ ਪੰਚਾਇਤਾਂ ਦੇ ਬਣਾਏ ਗਏ ਹਨ।

ਪੰਚਾਇਤ ਸੰਮਤੀਆਂ/ਜਿਲ੍ਹਾ ਪ੍ਰੀਸਦਾਂ ਵਿਚ ਆਉਂਦੀਆਂ ਗਰਾਮ ਸਭਾਵਾਂ ਸਮੇਤ ਪਿੰਡ ਦੇ ਨਾਮ ਤੇ ਹੱਦਬਸਤ ਨੰਬਰ ਦਰਸਾਏ ਜਾਣ। ਇਹ ਵੀ ਸਰਟੀਫਿਕੇਟ ਦਿੱਤਾ ਜਾਵੇ ਕਿ ਹਰ ਇੱਕ ਪੰਚਾਇਤ ਸੰਮਤੀ ਦੇ ਸਮੂਹ ਪਿੰਡ/ਗਰਾਮ ਸਭਾਵਾਂ ਤਜਵੀਜ਼ ਕੀਤੇ ਚੋਣ ਹਲਕਿਆਂ ਵਿਚ ਸ਼ਾਮਿਲ ਹਨ ਅਤੇ ਕੋਈ ਵੀ ਪਿੰਡ ਜਾਂ ਗਰਾਮ ਸਭਾ ਖੇਤਰ ਅਜਿਹਾ ਨਹੀਂ ਹੈ ਜੋ ਪੰਚਾਇਤ ਸੰਮਤੀ/ਜਿਲ੍ਹਾ ਪ੍ਰੀਸ਼ਦ ਦੇ ਚੋਣ ਹਲਕੇ ਵਿਚ ਸ਼ਾਮਿਲ ਕਰਨ ਤੋਂ ਰਹਿ ਗਿਆ ਹੋਵੇ।
ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤੀਪੂਰਨ ਅਤੇ ਸਮੇਂ ਸਿਰ ਸੰਪੰਨ ਕਰਵਾਉਣ ਲਈ ਸਾਰੇ ਸੰਭਵ ਉਪਾਇਆ ਕੀਤੇ ਜਾਣਗੇ।
