ਜਲੰਧਰ, 6 ਅਪ੍ਰੈਲ 2025 – ਮਕਸੂਦਾਂ ਥਾਣੇ ਦੇ ਬਾਹਰ ਸ਼ੁੱਕਰਵਾਰ ਰਾਤ ਸਮੇਂ ਘਰ ਮੁੜ ਰਹੇ 23 ਸਾਲਾ ਨੌਜਵਾਨ ਦੇ ਮੋਟਰਸਾਈਕਲ ਨੂੰ ਗਲਤ ਦਿਸ਼ਾ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਮੌਕੇ ’ਤੇ ਹੀ ਨੌਜਵਾਨ ਦੀ ਮੌਤ ਹੋ ਗਈ ਸੀ, ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਕ ਜ਼ੋਰਦਾਰ ਆਵਾਜ਼ ਆਉਣ ’ਤੇ ਜਦੋਂ ਥਾਣਾ ਮਕਸੂਦਾਂ ਵਿਚੋਂ ਪੁਲਸ ਕਰਮਚਾਰੀ ਬਾਹਰ ਪਹੁੰਚੇ ਤਾਂ ਖ਼ੂਨ ਵਿਚ ਲਥਪਥ ਨੌਜਵਾਨ ਨੂੰ ਵੇਖ ਕੇ ਉਸ ਨੂੰ ਫਸਟ ਏਡ ਵੀ ਦਿੱਤੀ ਪਰ ਉਹ ਦਮ ਤੋੜ ਚੁੱਕਾ ਸੀ। ਮੋਟਰਸਾਈਕਲ ਦੇ ਨੰਬਰ ਤੋਂ ਉਸ ਦਾ ਐਡਰੈੱਸ ਪਤਾ ਕਰਕੇ ਪੁਲਸ ਕਰਮਚਾਰੀਆਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਮ੍ਰਿਤਕ ਦੀ ਪਛਾਣ ਗੋਇਮ ਜੈਨ ਪੁੱਤਰ ਰਾਜੇਸ਼ ਜੈਨ ਨਿਵਾਸੀ ਕਿਲਾ ਮੁਹੱਲਾ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਗੋਇਮ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਇਕ ਭੈਣ ਹੈ, ਜੋ ਵਿਆਹੀ ਹੋਈ ਹੈ। ਗੋਇਮ ਆਪਣੇ ਦੋਸਤ ਦੇ ਰੈਸਟੋਰੈਂਟ ਵਿਚ ਦੋਸਤਾਂ ਨੂੰ ਮਿਲ ਕੇ ਸ਼ੁੱਕਰਵਾਰ ਰਾਤੀਂ ਮੋਟਰਸਾਈਕਲ ’ਤੇ ਘਰ ਲਈ ਨਿਕਲਿਆ ਸੀ। ਜਿਵੇਂ ਹੀ ਉਹ ਮਕਸੂਦਾਂ ਚੌਂਕ ਤੋਂ ਟਰਨ ਲੈ ਕੇ ਮਕਸੂਦਾਂ ਥਾਣੇ ਦੇ ਬਾਹਰ ਪਹੁੰਚਿਆ ਤਾਂ ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਗੋਇਮ ਜੈਨ ਦੇ ਦੋਸਤਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸ਼ੁੱਕਰਵਾਰ ਸ਼ਾਮ ਨੂੰ ਮਕਸੂਦਾਂ ਦੇ ਅਮਨਦੀਪ ਐਵੇਨਿਊ ਸਥਿਤ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਗਿਆ ਸੀ। ਰਾਤ ਕਰੀਬ ਸਾਢੇ 10 ਵਜੇ ਜਦੋਂ ਦੋਸਤਾਂ ਨੂੰ ਮਿਲ ਕੇ ਘਰ ਜਾਣ ਲੱਗੇ ਤਾਂ ਗੋਇਮ ਜੈਨ ਨੇ ਆਪਣੀ ਐਕਟਿਵਾ ਦੀ ਚਾਬੀ ਦੋਸਤ ਨੂੰ ਦੇ ਦਿੱਤੀ ਅਤੇ ਬੁਲੇਟ ਦੇਣ ਨੂੰ ਕਿਹਾ। ਕੁਝ ਦੇਰ ਬਾਅਦ ਜਦੋਂ ਉਹ ਮਕਸੂਦਾਂ ਚੌਂਕ ‘ਤੇ ਪਹੁੰਚੇ ਤਾਂ ਮਕਸੂਦਾਂ ਥਾਣੇ ਦੇ ਕੋਲ ਗੋਇਮ ਜੈਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਓਧਰ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਸ਼ਨੀਵਾਰ ਨੂੰ ਗੋਇਮ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਛਾਣੀ ਜਾ ਰਹੀ ਹੈ। ਜਲਦ ਮੁਲਜ਼ਮ ਡਰਾਈਵਰ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
