ਨਵੀਂ ਦਿੱਲੀ, 30 ਜੁਲਾਈ 2024 – ਪੈਰਿਸ ਓਲੰਪਿਕ ਦਾ ਅੱਜ ਚੌਥਾ ਦਿਨ ਹੈ। ਪੈਰਿਸ ਓਲੰਪਿਕ ‘ਚ ਭਾਰਤ ਨੇ ਅੱਜ ਦੂਜਾ ਤਮਗਾ ਜਿੱਤਿਆ ਹੈ। ਮੰਗਲਵਾਰ ਨੂੰ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਸਰਬਜੋਤ ਸਿੰਘ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਮਨੂ ਅਤੇ ਸਰਬਜੋਤ ਦੀ ਭਾਰਤੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਦੇ ਕਾਂਸੀ ਤਮਗਾ ਮੁਕਾਬਲੇ ਵਿੱਚ ਕੋਰੀਆ ਨੂੰ 16-10 ਨਾਲ ਹਰਾਇਆ। ਭਾਰਤੀ ਜੋੜੀ ਨੇ ਕੁਆਲੀਫਿਕੇਸ਼ਨ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦੇ ਤਗ਼ਮੇ ਲਈ ਕੁਆਲੀਫਾਈ ਕੀਤਾ ਸੀ।
ਦੱਸ ਦਈਏ ਕਿ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂ ਤੋਂ ਪਹਿਲਾਂ ਕਿਸੇ ਹੋਰ ਭਾਰਤੀ ਐਥਲੀਟ ਨੇ ਇੱਕ ਓਲੰਪਿਕ ਵਿੱਚ ਦੋ ਤਗਮੇ ਨਹੀਂ ਜਿੱਤੇ ਸਨ। ਸਰਬਜੋਤ ਦਾ ਇਹ ਪਹਿਲਾ ਓਲੰਪਿਕ ਤਮਗਾ ਹੈ।