- ਲੋਕਾਂ ਦੇ ਮੁੱਦਿਆਂ ‘ਤੇ ਚਰਚਾ ਕਰਨ ਦੀ ਥਾਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਿੱਚ ਲੱਗੇ ਰਹੇ ਰਾਜਸੀ ਆਗੂ
ਸੁਲਤਾਨਪੁਰ ਲੋਧੀ, 22 ਦਸੰਬਰ 2024 – ਹੰਗਾਮਿਆਂ ਦੀ ਭੇਂਟ ਚੜ੍ਹੇ ਪਾਰਲੀਮੈਂਟ ਦੇ ਸਰਦ ਦੇ ਸ਼ੈਸ਼ਨਾਂ ‘ਤੇ ਸਖ਼ਤ ਟਿੱਪਣੀ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਰਦ ਰੁੱਤ ਦੇ ਸੈਸ਼ਨ ਦੌਰਾਨ ਦੇਸ਼ ਦੇ ਲੋਕਾਂ ਦੇ ਕਿਸੇ ਸਾਰਥਕ ਮੁੱਦੇ ‘ਤੇ ਵਿਚਾਰ ਚਰਚਾ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਸ ਸੈਸ਼ਨ ਦੌਰਾਨ ਲੋਕਾਂ ਦੇ ਮੁੱਦਿਆਂ ਅਸਲ ਮੁੱਦਿਆਂ ਤੋਂ ਕੋਹਾਂ ਦੂਰ ਰਹੇ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਹੀ ਸਾਰਾ ਸਮਾਂ ਬਰਬਾਦ ਕਰ ਦਿੱਤਾ ਹੈ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਵਿਰੋਧ ਕਰਨਾ ਵਿਰੋਧੀ ਧਿਰ ਪਾਰਟੀ ਦਾ ਸੰਵਿਧਾਨਕ ਅਧਿਕਾਰ ਹੈ। ਪਰ ਵਿਰੋਧ ਉੱਥੇ ਤੱਕ ਨਹੀ ਪਹੁੰਚਾਉਣ ਚਾਹੀਦਾ ਹੈ, ਕਿ ਇਸ ਵਿਰੋਧ ਨਾਲ ਜ਼ੀਰੋ ਹਵਰ ਰਾਹੀਂ ਜੋ ਮੈਂਬਰ ਪਾਰਲੀਮੈਂਟ ਨੂੰ ਸਮਾਂ ਮਿਲਦਾ ਹੈ ਉਸਨੂੰ ਵੀ ਨਾ ਖਰਾਬ ਕੀਤਾ ਜਾਵੇ। ਕਿਉਂਕਿ ਇਹ ਉਹ ਮੌਕਾ ਹੁੰਦਾ ਹੈ ਜਿਸ ਵਿੱਚ ਸਾਰੇ ਧਿਰਾਂ ਦੇ ਆਗੂ ਸਦਨ ਵਿੱਚ ਆਪਣੇ ਮੁੱਦਿਆਂ ਨੂੰ ਰੱਖ ਸਕਦੇ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਦੇ ਕਿਸਾਨੀ ਨਾਲ ਸੰਬੰਧਤ ਚਾਰ ਵਾਰ ਮੁੱਦੇ ਤੇ ਵਿਦੇਸ਼ਾਂ ਵਿੱਚ ਲੜਕੀਆਂ ਦੀ ਹੋ ਰਹੀ ਮਨੁੱਖੀ ਤਸਕਰੀ ਦੇ ਤਿੰਨ ਜ਼ੀਰੋ ਹਵਰ ਹੰਗਾਮਿਆਂ ਦੀ ਭੇਂਟ ਚੜ੍ਹ ਗਏ। ਉਹਨਾਂ ਕਿਹਾ ਕਿ 25 ਨਵੰਬਰ ਤੋਂ 20 ਦਸੰਬਰ ਤੱਕ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਉਹਨਾਂ ਨੂੰ ਸਿਰਫ ਇੱਕ ਵਾਰ ਹੀ ਬੋਲਣ ਦਾ ਮੌਕਾ ਦਿੱਤਾ ਗਿਆ। ਜਿਸ ਦੌਰਾਨ ਉਹਨਾਂ ਸਿਫਰ ਕਾਲ ਰਾਹੀ ਦੇਸ਼ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੈਂਸਰ ਨੂੰ ਰੋਕਣ ਅਤੇ ਪੀੜਤ ਮਰੀਜ਼ਾਂ ਦਾ ਇਲਾਜ਼ ਮੁਫਤ ਵਿੱਚ ਕਰਵਾਉਣ ਦੀ ਗੁਹਾਰ ਲਗਾਈ ਸੀ। ਉਹਨਾਂ ਕਿਹਾ ਕਿ ਇਹਨਾਂ ਹੰਗਾਮਿਆਂ ਕਾਰਣ ਬੇਰੁਜ਼ਗਾਰੀ, ਭੁੱਖਮਰੀ,ਵਾਤਾਵਰਨ,ਵਿਿਦਆ ਸਮੇਤ ਹੋਰ ਬਹੁਤ ਸਾਰੇ ਅਹਿਮ ਮੁੱਦਿਆਂ ‘ਤੇ ਚਰਚਾ ਨਹੀ ਹੋ ਸਕੀ।
ਉਹਨਾਂ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਰਿਪੋਰਟਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਰਾਜ ਸਭਾ ਦਾ 60 ਫੀਸਦੀ ਤੇ ਲੋਕ ਸਭਾ ਦਾ 42 ਫੀਸਦੀ ਸਮਾਂ ਇਹਨਾਂ ਹੰਗਾਮਿਆਂ ਦਾ ਭੇਂਟ ਚੜ੍ਹ ਗਿਆ। ਉਹਨਾਂ ਕਿਹਾ ਕਿ ਇਹ ਨਾ ਕੇਵਲ ਸਮੇਂ ਦੀ ਬਰਬਾਦੀ ਹੈ ਸਗੋਂ ਕਰੋੜਾਂ ਰੁਪੈ ਦੇ ਪੈਸਿਆਂ ਦੀ ਬਰਬਾਦੀ ਹੈ। ਜਿਸਨੂੰ ਲੋਕਾਂ ਦੁਆਰਾ ਟੈਕਸਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸਦੀ ਸੰਸਦ ਨਾਲ ਚੱਲਣ ਦੀ ਜੁਆਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਲੋਕਾਂ ਪ੍ਰਤੀ ਜੁਆਬਦੇਹ ਹੁੰਦਾ ਹੈ। ਉਸਨੂੰ ਉਮੀਦ ਹੁੰਦੀ ਹੈ ਕਿ ਉਹਨਾਂ ਦੇ ਮੁੱਦਿਆਂ ਨੂੰ ਸੰਸਦ ਵਿੱਚ ਗੰਭੀਰਤਾ ਨਾਲ ਰੱਖਿਆ ਜਾਵੇਗਾ ਪਰ ਸਦਨ ਨਾ ਚੱਲਣ ਕਾਰਣ ਇਹ ਮੁੱਦੇ ਉਸੇ ਤਰ੍ਹਾਂ ਰਹਿ ਜਾਂਦੇ ਹਨ।
ਕਿਸਾਨ ਆਗੂ ਡੱਲੇਵਾਲ ਦੀ ਜਾਨ ਬਚਾਉਣ ਲਈ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਦੀ ਜਾਨ ਬਚਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਉਹਨਾਂ ਆਪਣੇ ਪੱਤਰ ਰਾਹੀ ਲਿਖਿਆ ਹੈ ਕਿ ਕਿਸਾਨ ਆਗੂ ਡੱਲੇਵਾਲ ਦੀ ਜ਼ਿੰਦਗੀ ਭਾਰਤ ਭਰ ਦੇ ਕਿਸਾਨਾਂ ਦੀ ਭਲਾਈ ਲਈ ਬਹੁਤ ਮਹੱਤਵ ਰੱਖਦੀ ਹੈ। ਜਿਹਨਾਂ ਮੰਗਾਂ ਨੂੰ ਲੈ ਕੇ ਉਹ ਮਰਨ ਵਰਤ ‘ਤੇ ਬੈਠੇ ਹਨ, ਉਹ ਕੇਂਦਰ ਸਰਕਾਰ ਵੱਲੋਂ ਮੰਨੀਆਂ ਵੀ ਗਈਆਂ ਹਨ, ਪਰ ਫਿਰ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਪੱਤਰ ਵਿੱਚ ਲਿਖਿਆ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਕਈ ਖੇਤਰਾਂ ਨੇ ਤਰੱਕੀ ਕੀਤੀ ਹੈ, ਪਰ ਕਿਸਾਨਾਂ ਦੀ ਹਾਲਤ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ।
ਦੇਸ਼ ਦੇ ਅੰਨ ਭੰਡਾਰਾਂ ਨੂੰ ਭਰਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੇ ਬਾਵਜੂਦ, ਕਿਸਾਨ ਅਜੇ ਵੀ ਨਾਕਾਫ਼ੀ ਵਿੱਤੀ ਸਹਾਇਤਾ ਨਾਲ ਸੰਘਰਸ਼ ਕਰ ਰਹੇ ਹਨ। ਜਿਹਨਾਂ ਨੂੰ ਹਲੇ ਤੱਕ ਵੀ ਆਪਣੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਨਹੀ ਮਿਲ ਸਕਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 16 ਲੱਖ ਕਰੋੜ ਰੁਪੈ ਇੰਡਸਟਰੀ ਤੇ ਵੱਡੇ ਕਾਰਪੋਰੇਟ ਘਰਾਣਿਆ ਦੇ ਮਾਫ ਕੀਤੇ ਹਨ। ਜੋ ਕਿ ਸ਼ਾਇਦ ਕੱੁਝ ਕੁ ਬੰਦਿਆ ਦੇ ਸੀ। ਪਰ 10 ਤੋਂ 12 ਲੱਖ ਕਰੋੜ ਦਾ ਕਰਜ਼ਾ ਜੋ ਕਿ 80 ਕਰੋੜ ਕਿਸਾਨਾਂ ਤੇ ਉਸਨੂੰ ਮੁਆਫ ਨਹੀ ਕੀਤਾ ਜਾ ਰਿਹਾ ਹੈ। ਜਿਸਨੂੰ ਮੁਆਫ ਕੀਤਾ ਜਾਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਕਰਜ਼ਿਆਂ ਤੇ ਵੀ ਪੱਕੀ ਲੀਕ ਮਾਰੀ ਜਾਣੀ ਚਾਹੀਦੀ ਹੈ। ਕਿਉਂਕਿ ਜੇਕਰ ਦੇਸ਼ ਦਾ ਕਿਸਾਨ ਖੇਤਾਂ ਵਿੱਚ ਕੰਮ ਕਰੇਗਾ ਤਾਂ ਹੀ ਦੇਸ਼ ਦਾ ਢਿੱਡ ਭਰਿਆ ਜਾ ਸਕਦਾ ਹੈ।