ਪਟਿਆਲਾ, 10 ਮਾਰਚ 2024 – ਦੋਸਤੀ ਕਰਨ ਤੋਂ ਬਾਅਦ ਇਕੱਠੇ ਨਾ ਰਹਿਣ ਨੂੰ ਲੈ ਕੇ ਰੰਜਿਸ਼ ਕਾਰਨ ਪਟਿਆਲਾ ‘ਚ 16 ਸਾਲਾ ਲੜਕੀ ਦਾ ਕਤਲ ਕਰਨ ਵਾਲੇ ਅਰੁਣ ਕੁਮਾਰ ਉਰਫ ਕੋਕੋ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 18 ਸਾਲਾ ਅਰੁਣ, ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੂਬੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਥਾਣਾ ਕੋਤਵਾਲੀ ਦੇ ਐਸਐਚਓ ਨੇ ਪੁਲਿਸ ਟੀਮ ਸਮੇਤ ਪੁਰਾਣੇ ਚੌਕ ਤੋਂ ਕਾਬੂ ਕਰ ਲਿਆ।
ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਡੀਐਸਪੀ ਸੰਜੀਵ ਸਿੰਗਲਾ ਨੇ ਸ਼ਨੀਵਾਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ।
ਪੁਲੀਸ ਅਨੁਸਾਰ ਸਲਮਾ 6 ਮਾਰਚ ਨੂੰ ਆਪਣੇ ਘਰ ਨੇੜੇ ਸਨੈਕਸ ਖਰੀਦਣ ਗਈ ਸੀ। ਉਸਦੀ ਛੋਟੀ ਭੈਣ ਅਤੇ ਇੱਕ ਦੋਸਤ ਵੀ ਉਸਦੇ ਨਾਲ ਸਨ। ਇਸ ਦੌਰਾਨ ਦੋਸ਼ੀ ਆਪਣੇ ਦੋਸਤ ਨਾਲ ਬਾਈਕ ‘ਤੇ ਆਇਆ ਅਤੇ ਸਲਮਾ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਜਾਣ ਲੱਗਿਆ ਸੀ।
ਜਦੋਂ ਸਲਮਾ ਨੇ ਇਨਕਾਰ ਕੀਤਾ ਤਾਂ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਹ ਦੇਖ ਕੇ ਛੋਟੀ ਭੈਣ ਨੇ ਰੌਲਾ ਪਾ ਦਿੱਤਾ ਜਦੋਂ ਕਿ ਉਸ ਦੀ ਦੋਸਤ ਭੱਜ ਗਈ। ਗੁੱਸੇ ‘ਚ ਅਰੁਣ ਨੇ ਸਲਮਾ ‘ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਕਤਲ ਨੂੰ ਦੇਖ ਕੇ ਛੋਟੀ ਭੈਣ ਵੀ ਸਦਮੇ ‘ਚ ਚਲੀ ਗਈ, ਜਿਸ ਦੀ ਵੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ।