- ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਨਾਲ ਜੁੜ ਕੇ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਸੰਭਵ : ਗੁਰਪ੍ਰੀਤ ਬੱਸੀ ਗੋਗੀ
ਲੁਧਿਆਣਾ 24 ਸਤੰਬਰ 2022 – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਹਾੜੀ ਦੀਆਂ ਫ਼ਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਪਰਾਲੀ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਸੰਭਾਲ ਦਾ ਹੋਕਾ ਦਿੰਦਾ ਅੱਜ ਸਫਲਤਾ ਪੂਰਵਕ ਨੇਪਰੇ ਚੜਿਆ । ਮੇਲੇ ਦੇ ਦੂਸਰੇ ਦਿਨ ਹੋਏ ਇਨਾਮ ਵੰਡ ਸਮਾਰੋਹ ਮੌਕੇ ਲੁਧਿਆਣਾ ਪੱਛਮੀ ਦੇ ਵਿਧਾਇਕ ਸ਼੍ਰੀ ਗੁਰਪ੍ਰੀਤ ਬੱਸੀ ਗੋਗੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸੀਫ਼ੇਟ ਲੁਧਿਆਣਾ ਦੇ ਨਿਰਦੇਸ਼ਕ ਡਾ. ਨਚੀਕੇਤ ਕੋਤਵਾਲੀਵਾਲੇ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ।
ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਗੁਰੂਆਂ, ਪੀਰਾਂ, ਫਕੀਰਾਂ ਦੀ ਵਿਰਸੋਈ ਇਸ ਪਵਿੱਤਰ ਧਰਤੀ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ । ਕਿਸਾਨਾਂ ਨੂੰ ਦੇਸ਼ ਦੇ ਅੰਨਦਾਤਾ ਕਹਿੰਦਿਆਂ ਉਹਨਾਂ ਕਿਹਾ ਕਿ ਇਤਿਹਾਸ ਵਿੱਚ ਅਜਿਹੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ ਜਦੋਂ ਕਿਸੇ ਇੱਕ ਖਿੱਤੇ ਨੇ ਪੂਰੇ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਹੋਣ, ਇਸ ਦੇ ਨਾਲ ਹੀ ਉਹਨਾਂ ਨੇ ਪੀ.ਏ.ਯੂ. ਦੇ ਮਾਹਿਰਾਂ ਦੀ ਸਖ਼ਤ ਅਤੇ ਅਣਥੱਕ ਮਿਹਨਤ ਦਾ ਜ਼ਿਕਰ ਵੀ ਬੜੇ ਮਾਣ ਨਾਲ ਕੀਤਾ ।
ਗੋਗੀ ਨੇ ਕਿਹਾ ਕਿ ਖੇਤੀ ਦੀ ਮੌਜੂਦਾ ਸਥਿਤੀ ਜਲ ਸੋਮਿਆਂ ਦੀ ਸਾਂਭ-ਸੰਭਾਲ ਦੀ ਮੰਗ ਕਰਦੀ ਹੈ ਇਸ ਲਈ ਸਾਨੂੰ ਪਾਣੀ ਦੀਆਂ ਘੱਟ ਖਪਤ ਕਰਨ ਵਾਲੀਆਂ ਫ਼ਸਲਾਂ ਨਾਲ ਜੁੜਨ ਦੀ ਲੋੜ ਹੈ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਨਾਲ ਜੁੜ ਕੇ ਆਪਣੀ ਖੇਤੀ ਨੂੰ ਵਿਗਿਆਨਕ ਦਿਸ਼ਾ ਵੱਲ ਲੈ ਕੇ ਜਾਣ । ਸ਼੍ਰੀ ਗੋਗੀ ਨੇ ਕਿਸਾਨਾਂ ਨੂੰ ਖੇਤੀ ਵੰਨ-ਸੁਵੰਨਤਾ ਅਪਨਾਉਣ ਦੀ ਅਪੀਲ ਕਰਦਿਆਂ ਫੁੱਲਾਂ ਦੀ ਕਾਸ਼ਤ ਅਤੇ ਖੇਤੀ ਆਮਦਨ ਵਧਾਉਣ ਲਈ ਮਧੂ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਸੂਰ ਪਾਲਣ ਅਤੇ ਡੇਅਰੀ ਫਾਰਮਿੰਗ ਵਰਗੇ ਸਹਾਇਕ ਕਿੱਤਿਆਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਸੰਭਾਲ ਕੇ ਹੀ ਨੌਜਵਾਨੀ ਨੂੰ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ ਤੋਂ ਮੋੜ ਕੇ ਇਸ ਧਰਤੀ ਉੱਪਰ ਬਿਹਤਰ ਭਵਿੱਖ ਦਿੱਤਾ ਜਾ ਸਕਦਾ ਹੈ ।
ਸੀਫ਼ੇਟ ਦੇ ਨਿਰਦੇਸ਼ਕ ਡਾ. ਨਚੀਕੇਤ ਕੋਤਵਾਲੀਵਾਲੇ ਨੇ ਇਸ ਮੌਕੇ ਸੰਬੋਧਨ ਕਰਦਿਆਂ ਨਵੀਆਂ ਖੇਤੀ ਤਕਨੀਕਾਂ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਹਰ ਸਾਲ ਵੱਡੀ ਮਾਤਰਾ ਵਿੱਚ ਅਨਾਜ ਤਬਾਹ ਹੁੰਦਾ ਹੈ ਅਤੇ ਇਸਦੀ ਦੀ ਸਾਂਭ-ਸੰਭਾਲ ਲਈ ਖੇਤੀ ਪ੍ਰੋਸੈਸਿੰਗ ਤਕਨੀਕਾਂ ਨਾਲ ਜੁੜਨ ਦੀ ਸਖਤ ਲੋੜ ਹੈ । ਸੰਯੁਕਤ ਖੇਤੀ ਪ੍ਰਣਾਲੀ ਅਪਨਾਉਣ ਦੀ ਗੱਲ ਕਰਦਿਆਂ ਡਾ. ਕੋਤਵਾਲੀ ਵਾਲੇ ਨੇ ਖੇਤੀ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ । ਅੰਨ ਸੁਰੱਖਿਆ ਦੇ ਨਾਲ-ਨਾਲ ਪੋਸ਼ਣ ਸੁਰੱਖਿਆ ਨੂੰ ਅਜੋਕੇ ਸਮੇਂ ਦੀ ਮੰਗ ਦੱਸਦਿਆਂ ਉਹਨਾਂ ਕਿਹਾ ਕਿ ਗਾਹਕਾਂ ਦੀ ਮੰਗ ਅਨੁਸਾਰ ਸੁਰੱਖਿਅਤ ਭੋਜਨ ਪਦਾਰਥ ਪੈਦਾ ਕਰਨਾ ਮੁਨਾਫ਼ੇ ਵਾਲੀ ਖੇਤੀ ਦਾ ਮੂਲ ਮੰਤਰ ਹੈ ।
ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਨੇ ਪੀ.ਏ.ਯੂ. ਦੇ ਕਿਸਾਨ ਮੇਲੇ ਨੂੰ ਕਿਸਾਨੀ ਦਾ ਪਵਿੱਤਰ ਪੁਰਬ ਕਿਹਾ । ਉਹਨਾਂ ਕਿਹਾ ਕਿ ਦੇਸ਼ ਦੀ ਅਨਾਜ ਦੀ ਲੋੜ ਸਮੇਂ ਪੰਜਾਬ ਨੇ ਭਰਵਾਂ ਯੋਗਦਾਨ ਪਾਇਆ, ਪਰ ਇਸ ਨਾਲ ਕੁਦਰਤੀ ਸਰੋਤਾਂ ਨੂੰ ਬਹੁਤ ਨੁਕਸਾਨ ਪਹੁੰਚਿਆ । ਡਾ. ਗੁਰਵਿੰਦਰ ਸਿੰਘ ਨੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਵਿਆਪਕ ਲਾਮਬੰਦੀ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਕਿਸਾਨ ਤੋਂ ਵੱਡਾ ਕੋਈ ਵਿਗਿਆਨੀ ਨਹੀਂ ਹੁੰਦਾ ਪਰ ਖੇਤੀ ਵਿਗਿਆਨੀਆਂ ਨਾਲ ਜੁੜ ਕੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ । ਨਿਰਦੇਸ਼ਕ ਖੇਤੀਬਾੜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਰਵੇਂ ਉਤਪਾਦਨ ਲਈ ਗੈਰ ਸਿਫ਼ਾਰਸ਼ੀ ਬੀਜਾਂ ਤੋਂ ਗੁਰੇਜ਼ ਕਰਨ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਦੀ ਆਮਦ ਲਈ ਉਹਨਾਂ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਮੇਲੇ ਦਾ ਮੰਤਵ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੇ ਆਪੋ ਵਿੱਚ ਸਿੱਖਣ ਸਿਖਾਉਣ ਦੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ । ਉਹਨਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਲਾਈਆਂ ਖੇਤ ਪ੍ਰਦਰਸ਼ਨੀਆਂ, ਨੁਮਾਇਸ਼ਾਂ ਦੇ ਨਾਲ-ਨਾਲ ਬੀਜਾਂ ਅਤੇ ਖੇਤੀ ਸਾਹਿਤ ਦੀ ਵਿਕਰੀ ਉੱਪਰ ਤਸੱਲੀ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਖੇਤੀ ਸਮੱਸਿਆਵਾਂ ਸਾਂਝੀਆਂ ਕਰਨ ਲਈ ਅਪੀਲ ਕੀਤੀ । ਪਰਾਲੀ ਨੂੰ ਅੱਗ ਨਾ ਲਾਉਣ ਦੀ ਤਾਕੀਦ ਕਰਦਿਆਂ ਡਾ. ਗੋਸਲ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਦੀ ਗੱਲ ਕੀਤੀ । ਉਹਨਾਂ ਕਿਹਾ ਕਿ ਮਿੱਟੀ ਦੀ ਸਿਹਤ ਖਰਾਬ ਹੋਣ ਦੇ ਨਾਲ ਪੈਦਾ ਹੋਣ ਵਾਲਾ ਧੂੰਆ ਜਿੱਥੇ ਮਨੁੱਖੀ ਸਿਹਤ ਦੀ ਖਰਾਬੀ ਅਤੇ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ ਉੱਥੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ।
ਡਾ. ਗੋਸਲ ਨੇ ਕਿਹਾ ਕਿ ਅਸੀਂ ਹਰ ਸਾਲ ਇੱਕ ਏਕੜ ਵਿੱਚੋਂ 80-90 ਕੁਇੰਟਲ ਉਤਪਾਦਨ ਹਾਸਲ ਕਰਦੇ ਹਾਂ ਪਰ ਇਸ ਦੇ ਬਦਲ ਵਿੱਚ ਧਰਤੀ ਨੂੰ ਜ਼ਿਆਦਾ ਕੁਝ ਨਹੀਂ ਦੇ ਪਾ ਰਹੇ । ਉਹਨਾਂ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਰੂੜੀ ਦੀ ਖਾਦ ਦੀ ਵਰਤੋਂ ਦੇ ਨਾਲ ਹਰੀ ਖਾਦ ਅਤੇ ਜੈਵਿਕ ਖਾਦਾਂ ਦੀ ਵਰਤੋਂ ਉੱਪਰ ਜ਼ੋਰ ਦਿੱਤਾ । ਡਾ. ਗੋਸਲ ਨੇ ਪਾਣੀ ਦੀ ਸੰਭਾਲ ਲਈ ਘੱਟ ਮਿਆਦ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਵਿਸ਼ੇਸ਼ ਕਰਕੇ ਪੀ ਆਰ 126 ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤਰ-ਵਤਰ ਖੇਤ ਵਿੱਚ ਸਿੱਧੀ ਬਿਜਾਈ ਦੀ ਵਿਧੀ ਜ਼ਰੂਰ ਅਪਨਾਉਣ । ਉਹਨਾਂ ਕਿਹਾ ਕਿ ਯੂਰੀਆ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰਨ ਦੀ ਲੋੜ ਹੈ ਤਾਂ ਜੋ ਨਾਈਟ੍ਰੋਜਨ ਦੀ ਮਾਤਰਾ ਪਾਣੀ ਵਿੱਚ ਨਾ ਘੁਲ ਸਕੇ । ਡਾ. ਗੋਸਲ ਨੇ ਕਿਸਾਨਾਂ ਨੂੰ ਕਿਹਾ ਕਿ ਉਪਜ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਮਨੁੱਖੀ ਸਿਹਤ ਦੀ ਸੰਭਾਲ ਲਈ ਘਰੇਲੂ ਪੱਧਰ ਤੇ ਫਲ ਸਬਜ਼ੀਆਂ ਤੇ ਦੁੱਧ ਦਹੀਂ ਦੀ ਪੈਦਾਵਾਰ ਯਕੀਨੀ ਬਣਾਈ ਜਾਵੇ ।
ਇਸ ਮੌਕੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਕਿਸਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਨੂੰ ਪੜ-ਲਿਖ ਕੇ ਕਿਸਾਨੀ ਨਾਲ ਜੁੜਨ ਦੀ ਲੋੜ ਹੈ । ਜਾਣਕਾਰੀ ਭਰਪੂਰ ਖੇਤੀ ਲਈ ਯੂਨੀਵਰਸਿਟੀ ਦੇ ਸਾਰੇ ਵਸੀਲ਼ਿਆਂ ਨਾਲ ਜੁੜਨ ਦੀ ਤਾਕੀਦ ਕਰਦਿਆਂ ਉਹਨਾਂ ਖੇਤੀ ਸੰਦੇਸ਼, ਯੂਟਿਊਬ, ਫੇਸਬੁੱਕ ਅਤੇ ਪੀ.ਏ.ਯੂ ਲਾਈਵ ਵਿੱਚ ਆਉਂਦੇ ਖੇਤੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ।
ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਡਾ. ਨਿਰਮਲ ਜੌੜਾ ਨੇ ਕੀਤਾ ।
ਇਸ ਮੌਕੇ ਵੱਖ-ਵੱਖ ਫ਼ਸਲ ਮੁਕਾਬਲਿਆਂ ਵਿੱਚ ਜੇਤੂ ਰਹੇ ਕਿਸਾਨਾਂ ਨੂੰ ਇਨਾਮ ਵੰਡੇ ਗਏ । ਇਸ ਤੋਂ ਇਲਾਵਾ ਖੇਤੀ ਸਾਹਿਤ ਨੂੰ ਬੜਾਵਾ ਦੇਣ ਵਾਲੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਹੋਰ ਕੇਂਦਰਾਂ ਅਤੇ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ ਗਿਆ ।