ਜਲੰਧਰ, 19 ਅਪ੍ਰੈਲ 2024 – ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਅਤੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਪਹਿਲੇ ਉਹ ਪਰਮਾਤਮਾ ਦਾ ਆਸ਼ੀਰਵਾਦ ਲੈਣ ਪਹੁੰਚੇ ਹਨ। ਉਹਨਾਂ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਾਰੇ ਧਰਮਾਂ ਦਾ ਸਾਂਝਾ ਹੈ ਅਤੇ ਇਸ ਦੇ ਲਈ ਉਹ ਦਰਬਾਰ ਸਾਹਿਬ ਵਿੱਚ ਆਏ ਹਨ।
ਉਹਨਾਂ ਕਿਹਾ ਕਿ ਪਿਛਲੇ ਦਿਨੀ ਜੋ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਵੀ ਹੋਈ ਹੈ ਉਸ ਦੇ ਵਿੱਚ ਵੀ ਇਹ ਮੁੱਦਾ ਰੱਖਿਆ ਗਿਆ ਹੈ ਕਿ ਲੋਕਤੰਤਰ ਨੂੰ ਕਿਸ ਤਰੀਕੇ ਬਚਾਉਣਾ ਹੈ ਤੇ ਪੰਜਾਬੀਆਂ ਨੂੰ ਕਿਸ ਤਰੀਕੇ ਇਕੱਠੇ ਕਰਨਾ ਹੈ। ਇਸ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਪੰਜਾਬ ਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ। 40 ਹਜਾਰ ਬੱਚਿਆਂ ਨੂੰ ਨੌਕਰੀ ਦਿੱਤੀ ਹੈ ਅਤੇ ਹਸਪਤਾਲਾਂ ਵਿੱਚ ਫਰੀ ਦਵਾਈਆਂ ਅਤੇ ਫਰੀ ਬਿਜਲੀ ਲੋਕਾਂ ਨੂੰ ਮੁਹਈਆ ਕਰਵਾਈ ਹੈ। ਉਹਨਾਂ ਕੰਮਾਂ ਦੇ ਉੱਪਰ ਆਮ ਆਦਮੀ ਪਾਰਟੀ ਇਸ ਵਾਰ ਵੋਟ ਮੰਗੇਗੀ ਤੇ 13-0 ਨਾਲ ਜਿੱਤ ਹਾਸਿਲ ਕਰੇਗੀ।
ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜ ਸਾਲ ਸੱਤਾ ਵਿੱਚ ਰਹੇ ਹਨ ਅਤੇ ਪੰਜ ਸਾਲ ਸੱਤਾ ਵਿੱਚ ਰਹਿ ਕੇ ਉਹਨਾਂ ਨੇ ਆਪਣੇ ਨਾਮ ਤੇ ਸਿਰਫ ਕਰਪਸ਼ਨ ਦਾ ਧੱਬਾ ਲਗਵਾਇਆ ਹੈ। ਉਹਨਾਂ ਕਿਹਾ ਕੀ ਦੁਆਬੇ ਦੇ ਲੋਕ ਚੰਨੀ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਖੁਦ ਨੂੰ ਸੁਦਾਮਾ ਬਣ ਕੇ ਜਲੰਧਰ ਆਉਣ ਦੀਆਂ ਗੱਲਾਂ ਕਰ ਰਹੇ ਹਨ ਲੇਕਿਨ ਚਰਨਜੀਤ ਸਿੰਘ ਚੰਨੀ ਖਰੜ ਵਿਖੇ ਸੁਦਾਮਾ ਕਿਉਂ ਨਹੀਂ ਬਣ ਪਾਏ, ਲੋਕ ਇਸ ਦਾ ਜਵਾਬ ਜਰੂਰ ਪੁੱਛਣਗੇ। ਅੱਗੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਸੁਸ਼ੀਲ ਰਿੰਕੂ ਨੂੰ ਲੋਕਾਂ ਨੇ ਫਤਵਾ ਦਿੱਤਾ ਸੀ ਅਤੇ ਹੁਣ ਸੁਸ਼ੀਲ ਰਿੰਕੂ ਕੋਲੋਂ ਜਲੰਧਰ ਦੇ ਲੋਕ ਖੁਦ ਸਵਾਲਾਂ ਦੇ ਜਵਾਬ ਲੈਣਗੇ।