ਚੰਡੀਗੜ੍ਹ, 1 ਜੁਲਾਈ 2025 – ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਇੰਟਰਨ ਦਾ ਸਟਾਈਪੈਂਡ (ਇੰਟਰਨ ਦੀ ਤਨਖਾਹ) ਵਧਾਉਣ ਦਾ ਫੈਸਲਾ ਲਿਆ ਹੈ। ਹੁਣ ਉਨ੍ਹਾਂ ਨੂੰ ਹਰ ਮਹੀਨੇ 15 ਹਜ਼ਾਰ ਦੀ ਜਗ੍ਹਾ 22 ਹਜ਼ਾਰ ਰੁਪਏ ਮਿਲਿਆ ਕਰਨਗੇ। ਸੂਤਰਾਂ ਮੁਤਾਬਕ ਜਿਹੜੇ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਾਲ 76, 77 ਅਤੇ 78 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਸੀਨੀਅਰ ਡਾਕਟਰਾਂ ਨੂੰ 92, 93, 94 ਹਜ਼ਾਰ ਰੁਪਏ ਦਿੱਤੇ ਜਾਣਗੇ। ਸਰਕਾਰ ਦੇ ਇਸ ਫ਼ੈਸਲਾ ਤੋਂ ਬਾਅਦ ਹੁਣ ਸਾਰੇ ਮੈਡੀਕਲ ਹਸਪਤਾਲਾਂ ਵਿਚ ਸੇਵਾਵਾਂ ਆਮ ਲੋਕਾਂ ਲਈ ਸ਼ੁਰੂ ਹੋ ਗਈਆਂ ਹਨ। ਇਹ ਦਾਅਵਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਵਾਂਗ ਸਿਹਤ ਸਹੂਲਤਾਂ ਮਿਲਣਗੀਆਂ।
ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਮੈਡੀਕਲ ਕਾਲਜਾਂ ਵਿਚ ਜੂਨੀਅਰ ਡਾਕਟਰ ਹੜਤਾਲ ‘ਤੇ ਚਲੇ ਗਏ ਸਨ। ਦੂਜੇ ਪਾਸੇ ਵਿਰੋਧੀ ਵੀ ਇਸ ਮੁੱਦੇ ਨੂੰ ਚੁੱਕ ਰਹੇ ਸਨ। ਇਸੇ ਦਰਮਿਆਨ ਸਿਹਤ ਮੰਤਰੀ ਬਲਬੀਰ ਸਿੰਘ ਨੇ ਖੁਦ ਇਸ ਮਾਮਲੇ ਵਿਚ ਨੋਟਿਸ ਲਿਆ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਪੇਅ ਰਿਵੀਜਨ ਸਟਾਈਪੈਂਡ ਦਾ ਮਾਲਮਾ ਚੱਲ ਰਿਹਾ ਸੀ ਅਤੇ ਇਹ ਸਰਕਾਰ ਦੇ ਵਿਚਾਰ ਅਧੀਨ ਸੀ। ਜਿਵੇਂ ਹੀ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗੀ ਤਾਂ ਉਨ੍ਹਾਂ ਕਿਹਾ ਕਿ ਡਾਕਟਰ ਸਾਹਿਬ, ਉਕਤ ਲੋਕਾਂ ਨੂੰ ਬੁਲਾਓ। ਇਸ ਤੋਂ ਬਾਅਦ ਸਾਰੇ ਡਾਕਟਰਾਂ ਨੂੰ ਬੁਲਾਇਆ ਗਿਆ। ਮਗਰੋਂ ਵਿੱਤ ਮੰਤਰੀ ਦੀ ਅਗਵਾਈ ਵਿਚ ਮੀਟਿੰਗ ਹੋਈ, ਜਿਸ ਵਿਚ ਹਰ ਮੁੱਦੇ ‘ਤੇ ਚਰਚਾ ਹੋਈ। ਨਾਲ ਹੀ ਸਟਾਈਪੈਂਡ ਵਧਾਉਣ ‘ਤੇ ਮੋਹਰ ਲੱਗੀ। ਹੁਣ ਉਨ੍ਹਾਂ ਨੇ ਹੜਤਾਲ ਵਾਪਸ ਲੈਣ ਦਾ ਫੈਸਲਾ ਲਿਆ ਹੈ। ਓ. ਪੀ. ਡੀ. ਅਤੇ ਆਪਰੇਸ਼ਨ ਥੀਏਟਰ ਹੁਣ ਆਮ ਵਾਂਗ ਕੰਮ ਕਰ ਰਹੇ ਹਨ।

