ਪਟਿਆਲਾ, 22 ਮਾਰਚ 2022 – ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਦਾ ਨਿਰੀਖਣ ਕੀਤਾ। ਸ੍ਰੀ ਗੈਂਦ ਨੇ ਹਦਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਲੰਬਿਤ ਮਾਮਲਿਆਂ ਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲ ਅਫ਼ਸਰ ਸਮੇਤ ਹੋਰ ਅਧਿਕਾਰੀਆਂ ਦੀਆਂ ਅਦਾਲਤਾਂ ‘ਚ ਲੰਬਿਤ ਕੇਸ ਦੇ ਨਿਬੇੜੇ ਵੀ ਪਹਿਲ ਦੇ ਅਧਾਰ ‘ਤੇ ਕਰਨੇ ਯਕੀਨੀ ਬਣਾਏ ਜਾਣ।
ਚੰਦਰ ਗੈਂਦ ਨੇ ਡਿਪਟੀ ਦੱਸਿਆ ਕਿ ਉਹ ਆਪਣੀ ਡਵੀਜ਼ਨ ਦੇ ਹਰੇਕ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਨਿਰੀਖਣ ਕਰਨਗੇ ਕਿਉਂਕਿ ਇਹ ਉਨ੍ਹਾਂ ਦੇ ਦਫ਼ਤਰ ਦੀ ਇੱਕ ਸਾਲਾਨਾ ਅਤੇ ਲਾਜਮੀ ਪ੍ਰਕ੍ਰਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨਿਰੀਖਣ ਦੌਰਾਨ ਪਾਇਆ ਕਿ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਆਪਣਾ ਦਫ਼ਤਰ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਹਨ, ਜਿਸ ਦੀ ਉਹ ਪ੍ਰਸ਼ੰਸਾ ਕਰਦੇ ਹਨ। ਸ੍ਰੀ ਗੈਂਦ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ‘ਚ ਪਾਰਦਰਸ਼ਤਾ, ਪ੍ਰਸ਼ਾਸਨਿਕ ਕੰਮਾਂ ਦਾ ਸਮਾਂਬੱਧ ਨਿਪਟਾਰਾ ਅਤੇ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰਨ ਦੀਆਂ ਜਾਰੀ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ।
ਡੀ.ਸੀ. ਸ੍ਰੀ ਹੰਸ ਨੇ ਸ੍ਰੀ ਚੰਦਰ ਗੈਂਦ ਨੂੰ ਆਪਣੇ ਦਫ਼ਤਰ ਦੀ ਕਾਰਗੁਜ਼ਾਰੀ ਅਤੇ ਦਫ਼ਤਰੀ ਕੰਮ ਕਾਜ ਬਾਬਤ ਵਿਸਥਾਰ ‘ਚ ਜਾਣਕਾਰੀ ਪ੍ਰਦਾਨ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀਆਂ ਤਰਜੀਹਾਂ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਦਰਖਾਸਤਾਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਡਵੀਜ਼ਨਲ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਦਾਲਤੀ ਮਾਮਲੇ, ਸ਼ਿਕਾਇਤਾਂ, ਪੜਤਾਲਾਂ, ਆਡਿਟ ਪੈਰ੍ਹੇ, ਅਸਲਾ ਡੀਲਰਾਂ ਦੀ ਚੈਕਿੰਗ ਸਮੇਤ ਹੋਰ ਦਫ਼ਤਰੀ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਤਹਿਸੀਲਦਾਰ ਤੇ ਟਰਾਂਸਪੋਰਟ ਦਫ਼ਤਰ ਦੀ ਕਾਰਗੁਜ਼ਾਰੀ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਨਾਲ ਚਰਚਾ ਕੀਤੀ। ਇਸ ਮੌਕੇ ਏ.ਡੀ.ਸੀ (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਅਤੇ ਹੋਰ ਅਮਲਾ ਹਾਜ਼ਰ ਸੀ।