ਅੰਮ੍ਰਿਤਸਰ, 28 ਅਕਤੂਬਰ 2022 – ਅੰਮ੍ਰਿਤਸਰ ‘ਚ ਸਨੈਚਿੰਗ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਫੜੇ ਗਏ ਸਨੈਚਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਲੋਕਾਂ ਨੇ ਇੱਕ ਸਨੈਚਰ ਨੂੰ ਤਾਂ ਫੜ ਲਿਆ ਪਰ ਦੂਜਾ ਭੱਜ ਗਿਆ। ਪੁਲਿਸ ਨੇ ਸਨੈਚਰ ਨੂੰ ਲੋਕਾਂ ਤੋਂ ਛੁਡਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮਾਂ ਨੂੰ ਫੜਨ ਵਾਲੇ ਅਜੈਬੀਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੇ 100 ਫੁੱਟ ਰੋਡ ਨੇੜਿਓਂ ਉਸ ਦਾ ਮੋਬਾਈਲ ਫੋਨ ਖੋਹ ਲਿਆ ਸੀ। ਉਹ ਸਨੈਚਰ ਦੇ ਚਿਹਰੇ ਤੋਂ ਚੰਗੀ ਤਰ੍ਹਾਂ ਜਾਣੂ ਸੀ। ਅੱਜ ਵੀ ਮੁਲਜ਼ਮ ਇਲਾਕੇ ਵਿੱਚ 8-9 ਗੇੜੇ ਮਾਰਦੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਦਿਖੇ। ਜਿਸ ਤੋਂ ਬਾਅਦ ਉਸ ਨੇ ਮੁਲਜ਼ਮਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਫਿਰ ਕਿਸੇ ਵਿਅਕਤੀ ਦਾ ਮੋਬਾਈਲ ਖੋਹਦੇ ਹੋਏ ਲੋਕਾਂ ਨੇ ਇੱਕ ਨੂੰ ਫੜ ਲਿਆ। ਕਾਬੂ ਕੀਤੇ ਨੌਜਵਾਨ ਦਾ ਦੂਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਦੋਸ਼ੀ ਕੁਝ ਦਿਨਾਂ ਤੋਂ ਇੱਥੇ ਬੇਵਜ੍ਹਾ ਘੁੰਮਦੇ ਰਹਿੰਦੇ ਸੀ। ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਲੋਕਾਂ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਜ਼ਬਰਦਸਤ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਨੇ ਫੜੇ ਗਏ ਨੌਜਵਾਨਾਂ ਦੇ ਨਾਲ-ਨਾਲ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੌਕੇ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੂਜੇ ਦੋਸ਼ੀ ਨੂੰ ਵੀ ਫੜ ਲਿਆ ਜਾਵੇਗਾ।