ਚੰਡੀਗੜ੍ਹ, 9 ਨਵੰਬਰ, 2024: ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਆਲਮ ਇਹ ਹੈ ਕਿ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਕਾਰਣ ਚੰਡੀਗੜ੍ਹ ਰੈੱਡ ਜ਼ੋਨ ਵਿਚ ਪਹੁੰਚ ਗਿਆ ਹੈ ਜਦਕਿ ਪੰਜਾਬ ਦੇ 5 ਜ਼ਿਲ੍ਹੇ ਔਰੇਂਜ ਅਲਰਟ ‘ਤੇ ਹਨ। ਸੂਤਰਾਂ ਮੁਤਾਬਕ ਪੰਜਾਬ ਵਿਚ ਪਰਾਲੀ ਸਾੜਣ ਦੇ ਹੁਣ ਤੱਕ 5299 ਕੇਸ ਦਰਜ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ ਪਿਛਲੇ 10 ਦਿਨਾਂ ਵਿਚ ਹੀ 3162 ਕੇਸ ਦਰਜ ਕੀਤੇ ਗਏ ਹਨ। ਪੰਜਾਬ ਵਿਚ ਸਖ਼ਤੀ ਦੇ ਬਾਵਜੂਦ ਇਸ ਨੂੰ ਰੋਕਿਆ ਨਹੀਂ ਜਾ ਸਕਿਆ। ਇਨ੍ਹਾਂ ਪ੍ਰਬੰਧਾਂ ਨੂੰ ਦੇਖਣ ਲਈ ਇਕ ਟੀਮ 13 ਨਵੰਬਰ ਨੂੰ ਪੰਜਾਬ ਪਹੁੰਚ ਰਹੀ ਹੈ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ਨੀਵਾਰ ਅੱਧੀ ਰਾਤ ਨੂੰ 325 ਅਤੇ ਵੱਧ ਤੋਂ ਵੱਧ 408 ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਚ ਸਭ ਤੋਂ ਵੱਧ AQI 280 ਦਰਜ ਕੀਤਾ ਗਿਆ, ਜਦੋਂ ਕਿ ਸਭ ਤੋਂ ਵੱਧ 360 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ, AQI 240 ਸੀ, ਜਦਕਿ ਸਭ ਤੋਂ ਵੱਧ 312 ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ ਬਠਿੰਡਾ ਦਾ ਔਸਤ ਏ. ਕਿਊ. ਆਈ. 170, ਜਲੰਧਰ 173, ਖੰਨਾ 202, ਲੁਧਿਆਣਾ 216, ਪਟਿਆਲਾ 148 ਅਤੇ ਰੂਪਨਗਰ 225 ਦਰਜ ਕੀਤਾ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਕੇਂਦਰ ਦੀ ਟੀਮ ਪੰਜਾਬ ਵਿਚ ਪਰਾਲੀ ਪ੍ਰਬੰਧਨ ਦੀ ਜਾਂਚ ਲਈ ਆ ਰਹੀ ਹੈ। ਇਹ ਟੀਮ 13 ਨਵੰਬਰ ਨੂੰ ਪੰਜਾਬ ਆਵੇਗੀ। ਇੱਥੇ ਇਹ ਟੀਮ ਪ੍ਰਦੂਸ਼ਣ ਕੰਟਰੋਲ, ਵਾਤਾਵਰਨ ਅਤੇ ਖੇਤੀਬਾੜੀ ਵਿਭਾਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਯਤਨਾਂ ਦੀ ਜਾਂਚ ਕਰੇਗੀ। ਪੰਜਾਬ ਵਿਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸੰਗਰੂਰ ਵਿਚ ਦਰਜ ਕੀਤੇ ਗਏ ਹਨ। ਜਿੱਥੇ 887 ਐੱਫ.ਆਈ.ਆਰ. ਜਦੋਂ ਕਿ ਅੰਮ੍ਰਿਤਸਰ ਵਿਚ 633 ਅਤੇ ਤਰਨਤਾਰਨ ਵਿਚ 612 ਕੇਸ ਦਰਜ ਕੀਤੇ ਗਏ ਹਨ।
ਮੌਸਮ ਵਿਭਾਗ ਤੋਂ ਫਿਲਹਾਲ ਕੋਈ ਰਾਹਤ ਦਾ ਸੰਕੇਤ ਨਹੀਂ ਮਿਲਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਹੀ ਕਾਰਨ ਹੈ ਕਿ ਪ੍ਰਦੂਸ਼ਣ ਅਤੇ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ। ਪੰਜਾਬ ਵਿਚ ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਨਾਲੋਂ 5.8 ਡਿਗਰੀ ਘੱਟ ਹੈ। ਉਦੋਂ ਤਕ ਪ੍ਰਦੂਸ਼ਣ ਤੋਂ ਪੂਰਨ ਤੌਰ ‘ਤੇ ਰਾਹਤ ਨਹੀਂ ਮਿਲੇਗੀ ਜਦੋਂ ਮੀਂਹ ਨਹੀਂ ਪੈਂਦਾ। ਇਸ ਪ੍ਰਦੂਸ਼ਣ ਕਾਰਣ ਬੱਚਿਆਂ, ਬਜ਼ੁਰਗਾਂ ਤੋਂ ਗਰਭਵਤੀ ਔਰਤਾਂ ਤੋਂ ਇਲਾਵਾ ਸਾਹ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ, ਜਿਨ੍ਹਾਂ ਲਈ ਸਿਹਤ ਵਿਭਾਗ ਨੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਸਿਹਤ ਵਿਭਾਗ ਨੇ ਆਖਿਆ ਹੈ ਕਿ ਬਿਨਾਂ ਮਾਸਕ ਤੋਂ ਬਿਲੁਕਲ ਵੀ ਬਾਹਰ ਨਾ ਨਿਕਲਿਆ ਜਾਵੇ।