- ਨਸ਼ਿਆਂ ਵਿਰੁੱਧ ਤੌਬਾ ਕਰਨ ਵਾਲੇ ਪਿੰਡਾਂ ਨੂੰ ਵਿਕਾਸ ਲਈ ਮਿਲੇਗੀ ਵਿਸ਼ੇਸ਼ ਤਰਜੀਹ-ਜੌੜਾਮਾਜਰਾ
- ਪਿੰਡ ਮੁਰਾਦ ਪੁਰ ਦੇ ਵਸਨੀਕਾਂ ਨੇ ਧਾਰਮਿਕ ਵਿਸ਼ਵਾਸ਼ ਮੁਤਾਬਕ ਨਸ਼ਿਆਂ ਖ਼ਿਲਾਫ਼ ਚੁੱਕੀ ਸਹੁੰ
ਸਮਾਣਾ, 22 ਜਨਵਰੀ 2023 – ਸਮਾਣਾ ਹਲਕੇ ਦੇ ਪਿੰਡ ਮੁਰਾਦ ਪੁਰ ਦੇ ਵਸਨੀਕਾਂ ਨੇ ਇੱਕ ਅਹਿਮ ਪਹਿਲਕਦਮੀ ਕਰਦਿਆਂ ਨਸ਼ਿਆਂ ਦੀ ਵਿਕਰੀ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿੱਢੀ ਜੰਗ ‘ਚ ਪੰਜਾਬ ਪੁਲਿਸ ਨੂੰ ਸਹਿਯੋਗ ਦੇਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਹੋਰਨਾਂ ਨੂੰ ਜਾਗਰੂਕ ਕਰਨ ਦੀ ਸਹੁੰ ਖਾਧੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਨਸ਼ਿਆਂ ਖ਼ਿਲਾਫ਼ ਅੱਗੇ ਆਏ ਇਸ ਪਿੰਡ ਦੇ ਵਸਨੀਕਾਂ ਨੇ ਪਿੰਡ ਵਿੱਚ ਨਸ਼ਿਆਂ ਦੀ ਕਿਸੇ ਵੀ ਤਰ੍ਹਾਂ ਦੀ ਵਿਕਰੀ ਹੋਣ ਦੀ ਸੂਰਤ ‘ਚ ਪੁਲਿਸ ਨੂੰ ਸੂਚਿਤ ਕਰਨ ਦਾ ਵੀ ਅਹਿਦ ਕੀਤਾ ਹੈ।
ਸਮਾਣਾ ਦੇ ਡੀ.ਐਸ.ਪੀ. ਸੌਰਵ ਜਿੰਦਲ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਅਤੇ ਇੰਸਪੈਕਟਰ ਗੁਰਇਕਬਾਲ ਸਿੰਘ ਸਿਕੰਦ ਅੱਜ ਵਿਸ਼ੇਸ਼ ਤੌਰ ‘ਤੇ ਪਿੰਡ ਦੇ ਸਰਪੰਚ ਬਲਕਾਰ ਸਿੰਘ ਤੇ ਪੰਚਾਇਤ ਮੈਂਬਰਾਂ ਦੇ ਸੱਦੇ ਉਤੇ ਪਿੰਡ ਪੁੱਜੇ। ਪਿੰਡ ਦੇ ਗੁਰੂ ਘਰ ਵਿਖੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਮੁਰਾਦਪੁਰ ਵਿੱਚ ਕਿਸੇ ਨੂੰ ਕੋਈ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਬਾਹਰੋਂ ਆਕੇ ਇੱਥੇ ਨਸ਼ਾ ਵੇਚੇਗਾ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇਗੀ। ਇਸ ਤੋਂ ਬਿਨ੍ਹਾਂ ਜਿਹੜੇ ਲੋਕ ਨਸ਼ਿਆਂ ਦੇ ਸੇਵਨ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ।
ਡੀ.ਐਸ.ਪੀ. ਸੌਰਵ ਜਿੰਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀਆਂ ਹਦਾਇਤਾਂ ‘ਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਦੇਖ-ਰੇਖ ਹੇਠ ਨਸ਼ਿਆਂ ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਇਸੇ ਤਹਿਤ ਹੀ ਪਿੰਡ ਮੁਰਾਦ ਪੁਰ ਦੇ ਲੋਕ ਨਸ਼ਿਆਂ ਤੋਂ ਤੰਗ ਆਕੇ ਪੁਲਿਸ ਨੂੰ ਨਸ਼ਿਆਂ ਦੀ ਪਿੰਡ ਵਿੱਚ ਵਿਕਰੀ ਵਿਰੁੱਧ ਸਹਿਯੋਗ ਦੇਣ ਲਈ ਅੱਗੇ ਆਏ ਹਨ।
ਇਸੇ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਜੰਗ ਵਿੱਚ ਸਹਿਯੋਗ ਦੇਣ ਸਮੇਤ ਨਸ਼ਿਆਂ ਨੂੰ ਤੌਬਾ ਕਰਨ ਵਾਲੇ ਪਿੰਡਾਂ ਨੂੰ ਵਿਕਾਸ ਲਈ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ ਤੇ ਪੀ.ਏ. ਗੁਰਦੇਵ ਸਿੰਘ ਟਿਵਾਣਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਸੀ.ਆਈ.ਏ. ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪਿੰਡ ਮੁਰਾਦਪੁਰ ‘ਚ ਹੈਰੋਇਨ, ਚਿੱਟਾ, ਸਮੈਕ, ਨਸ਼ੀਲੀਆਂ ਗੋਲੀਆਂ, ਗਾਂਜਾ, ਭੁੱਕੀ ਚੂਰਾ ਪੋਸਤ ਆਦਿ ਨਸ਼ਿਆਂ ਦੀ ਵਿਕਰੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਸਨ, ਜਿਸ ਲਈ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਨੂੰ ਤੌਬਾ ਕਰਨ ਲਈ ਮਨਾਇਆ। ਉਨ੍ਹਾਂ ਕਿਹਾ ਕਿ ਅੱਜ ਪਿੰਡ ਦੇ ਵੱਡੇ ਇਕੱਠ ‘ਚ ਲੋਕਾਂ ਦੇ ਧਾਰਮਿਕ ਵਿਸ਼ਵਾਸ਼ ਮੁਤਾਬਕ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ ਅਤੇ ਲੋਕਾਂ ਨੇ ਇਸ ਉਪਰ ਕਾਇਮ ਰਹਿਣ ਦਾ ਪ੍ਰਣ ਵੀ ਕੀਤਾ ਹੈ।