- ਭਤੀਜੇ ਦੀ ਪਤਨੀ ‘ਤੇ ਗੰਦੀ ਨਜ਼ਰ ਰੱਖਦਾ ਸੀ ਮ੍ਰਿਤਕ
ਫਤਿਹਗੜ੍ਹ ਸਾਹਿਬ, 2 ਅਗਸਤ 2023 – ਫਤਿਹਗੜ੍ਹ ਸਾਹਿਬ ‘ਚ ਭਤੀਜੇ ਨੇ ਆਪਣੇ ਫੁੱਫੜ ਦਾ ਕਤਲ ਕਰ ਦਿੱਤਾ। ਚਾਕੂ ਨਾਲ ਗਰਦਨ ‘ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰਕੇ ਫੁੱਫੜ ਦਾ ਕਤਲ ਕਰ ਦਿੱਤਾ ਗਿਆ। ਕਾਰਨ ਇਹ ਸੀ ਕਿ ਫੁੱਫੜ ਭਤੀਜੇ ਦੀ ਪਤਨੀ ‘ਤੇ ਗੰਦੀ ਨਜ਼ਰ ਰੱਖਦਾ ਸੀ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ (55) ਵਾਸੀ ਪਿੰਡ ਸੈਦਪੁਰ ਵਜੋਂ ਹੋਈ ਹੈ।
ਥਾਣਾ ਸਰਹਿੰਦ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੀ ਸ਼ਿਕਾਇਤ ‘ਤੇ ਕਤਲ ਦੇ ਦੋਸ਼ ‘ਚ ਗੁਰਜੀਤ ਸਿੰਘ ਵਾਸੀ ਹਰਪਾਲਪੁਰ ਅਤੇ ਉਸ ਦੇ ਸਾਥੀ ਸੁਖਵੀਰ ਸਿੰਘ ਵਾਸੀ ਭਵਾਨੀ ਕਲਾਂ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਅਤੇ ਚਾਕੂ ਬਰਾਮਦ ਕਰ ਲਿਆ ਹੈ।
ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਗੁਰਜੀਤ ਸਿੰਘ ਮ੍ਰਿਤਕ ਸੁਰਿੰਦਰ ਸਿੰਘ ਦਾ ਭਤੀਜਾ ਹੈ। ਸੁਰਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਗੁਰਜੀਤ ਸਿੰਘ ਦੀ ਪਤਨੀ ‘ਤੇ ਗੰਦੀ ਨਜ਼ਰ ਰੱਖ ਰਿਹਾ ਸੀ। ਗੁਰਜੀਤ ਸਿੰਘ ਨੂੰ ਇਸ ਗੱਲ ਦਾ ਗੁੱਸਾ ਸੀ। 28 ਜੁਲਾਈ ਦੀ ਰਾਤ ਨੂੰ ਗੁਰਜੀਤ ਸਿੰਘ ਆਪਣੇ ਦੋਸਤ ਸੁਖਵੀਰ ਸਿੰਘ ਨਾਲ ਆਪਣੇ ਫੁੱਫੜ ਕੋਲ ਆਇਆ। ਤਿੰਨੋਂ ਬਾਈਕ ‘ਤੇ ਪਿੰਡ ਬੁੱਚੜਾ ਬਿਰਧ ਆਸ਼ਰਮ ਕੋਲ ਗਏ। ਉੱਥੇ ਪਹਿਲੇ ਤਿੰਨਾਂ ਨੇ ਸ਼ਰਾਬ ਪੀਤੀ।
ਇਸ ਦੌਰਾਨ ਗੁਰਜੀਤ ਸਿੰਘ ਨੇ ਆਪਣੇ ਫੁੱਫੜ ਸੁਰਿੰਦਰ ਸਿੰਘ ਨੂੰ ਪਤਨੀ ਦੇ ਇਲਾਜ ਲਈ ਪੈਸੇ ਉਧਾਰ ਮੰਗੇ। ਪਰ ਭਤੀਜੇ ਨੂੰ ਪੈਸੇ ਦੇਣ ਦੀ ਬਜਾਏ ਸੁਰਿੰਦਰ ਨੇ ਉਸ ਦੀ ਪਤਨੀ ਨਾਲ ਗਲਤ ਮੰਗ ਰੱਖ ਦਿੱਤੀ। ਜਿਸ ਤੋਂ ਬਾਅਦ ਗੁੱਸੇ ‘ਚ ਆ ਕੇ ਗੁਰਜੀਤ ਸਿੰਘ ਨੇ ਸੁਰਿੰਦਰ ਦੀ ਗਰਦਨ ‘ਤੇ ਚਾਕੂ ਨਾਲ ਵਾਰ ਕਰ ਦਿੱਤਾ। ਸੁਖਵੀਰ ਸਿੰਘ ਨੇ ਸੁਰਿੰਦਰ ਦੀਆਂ ਦੋਵੇਂ ਬਾਹਾਂ ਫੜੀਆਂ ਹੋਈਆਂ ਸਨ। ਜਦੋਂ ਦੋਵੇਂ ਸੁਰਿੰਦਰ ਨੂੰ ਮਾਰ ਰਹੇ ਸਨ ਤਾਂ ਇਸ ਦੌਰਾਨ ਪਤਨੀ ਜਸਵੀਰ ਕੌਰ ਵੀ ਉਥੇ ਪਹੁੰਚ ਗਈ ਸੀ।
ਜਿਸ ਨੂੰ ਦੇਖ ਕੇ ਦੋਸ਼ੀ ਫ਼ਰਾਰ ਹੋ ਗਏ। ਖੂਨ ਨਾਲ ਲੱਥਪੱਥ ਸੁਰਿੰਦਰ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਸਪੀ ਗਰੇਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫੜੇ ਗਏ ਹਨ। ਕਤਲ ਕੇਸ ਵਿੱਚ ਸਜ਼ਾ ਮਿਲੇ ਇਸ ਲਈ ਅਦਾਲਤ ਵਿੱਚ ਠੋਸ ਸਬੂਤ ਪੇਸ਼ ਕੀਤੇ ਜਾਣਗੇ।