- ਭਾਜਪਾ ਦੇ ਸਥਾਪਨਾ ਦਿਵਸ ਮੌਕੇ 6 ਤੋਂ 14 ਅਪ੍ਰੈਲ ਤੱਕ ਪੂਰੇ ਪੰਜਾਬ ‘ਚ ਆਯੋਜਿਤ ਹੋਣਗੇ ਸੇਵਾ ਕਾਰਜ: ਜੀਵਨ ਗੁਪਤਾ
ਚੰਡੀਗੜ੍ਹ, 3 ਅਪ੍ਰੈਲ 2022 – 6 ਅਪ੍ਰੈਲ, 2022 ਨੂੰ ਭਾਰਤੀ ਜਨਤਾ ਪਾਰਟੀ ਦਾ 42ਵਾਂ ਸਥਾਪਨਾ ਦਿਵਸ ਹੈ ਅਤੇ ਹਰ ਭਾਜਪਾ ਵਰਕਰ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਦੇ ਸਥਾਪਨਾ ਦਿਵਸ ‘ਤੇ ਵਰਕਰ ਆਪੋ-ਆਪਣੇ ਹਲਕਿਆਂ ‘ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕਣਗੇI ਇਸਦੀ ਜਾਣਕਾਰੀ ਸੂਬਾਈ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਆਪਣੇ ਪ੍ਰੈਸ ਬਿਆਨ ਰਾਹੀਂ ਦਿੱਤੀ।
ਜੀਵਨ ਗੁਪਤਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ 42ਵੇਂ ਸਥਾਪਨਾ ਦਿਵਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ ‘ਤੇ ਪੰਜਾਬ ਭਰ ‘ਚ ਵਰਕਰਾਂ ਵਲੋਂ ਜਿਲੇ ‘ਤੋਂ ਲੈ ਕੇ ਬੂਥ ਪਧਰ ਤੱਕ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇI ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾਵਾਂ ਵਿੱਚ ਹੇਠ ਲਿਖੇ ਪ੍ਰੋਗਰਾਮ ਉਲੀਕੇ ਜਾਣਗੇ।
ਜੀਵਨ ਗੁਪਤਾ ਨੇ ਦੱਸਿਆ ਕਿ 6 ਅਪ੍ਰੈਲ ਨੂੰ ਸਵੇਰੇ 9 ਵਜੇ ਸਾਰੇ ਵਰਕਰ ਆਪੋ-ਆਪਣੇ ਘਰਾਂ ਦੀਆਂ ਛੱਤਾਂ ‘ਤੇ ਪਾਰਟੀ ਦਾ ਝੰਡਾ ਲਹਿਰਾਉਣਗੇ ਅਤੇ ਰਾਸ਼ਟਰੀ ਗੀਤ ਜਾਣ ਵੰਦੇ-ਮਾਤਰਮ ਦਾ ਗਾਨ ਕਰਨਗੇI ਇਸ ਤੋਂ ਬਾਅਦ ਸਵੇਰੇ 10:00 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਹੋਵੇਗਾ, ਜਿਸਦਾ ਸਿਧਾ-ਪ੍ਰਸਾਰਣ ਵੱਡੀਆ ਸਕਰੀਨਾਂ, ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੋਬਾਈਲਾਂ ਤੋਂ ਕੀਤਾ ਜਾਵੇਗਾ। ਇਸ ਦਾ ਸਿੱਧਾ ਪ੍ਰਸਾਰਣ ਜ਼ਿਲ੍ਹਾ ਦਫ਼ਤਰਾਂ ਅਤੇ ਵਿਧਾਨ ਸਭਾ ਵਿੱਚ ਪੈਂਦੇ ਸਾਰੇ ਮੰਡਲਾਂ ਵਿੱਚ ਵੱਡੀਆਂ ਸਕਰੀਨਾਂ ਰਾਹੀਂ ਵੀ ਦਿਖਾਇਆ ਜਾਵੇਗਾ, ਤਾਂ ਜੋ ਉਨ੍ਹਾਂ ਇਲਾਕਿਆਂ ਵਿੱਚ ਵੱਸਦੇ ਭਾਜਪਾ ਦੇ ਸਾਰੇ ਵੱਡੇ-ਛੋਟੇ ਆਗੂ, ਵਰਕਰ ਅਤੇ ਆਮ ਲੋਕ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਸੁਣ ਅਤੇ ਦੇਖ ਸਕਣ। ਇਸ ‘ਤੋਂ ਅਲਾਵਾ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਸਾਰੇ ਮੰਡਲਾਂ ਵਿੱਚ ਛੱਪੜਾਂ ਦੀ ਸਫ਼ਾਈ, ਖੂਨਦਾਨ ਕੈਂਪ, ਸਿਹਤ ਕੈਂਪ, ਟੀਕਾਕਰਨ ਕੈਂਪ, ਔਰਤਾਂ ਲਈ ਜਨ ਸਿਹਤ ਕੈਂਪ, ਪੋਸ਼ਣ ਅਭਿਆਨ ਆਦਿ ਵਰਗੇ ਸੇਵਾ ਕਾਰਜ ਕਰਵਾਏ ਜਾਣਗੇ। 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਭਾਜਪਾ ਵਰਕਰ ਜ਼ਿਲ੍ਹਾ ਤੋਂ ਲੈ ਕੇ ਬੂਥ ਪੱਧਰ ਤੱਕ ਬਾਬਾ ਸਾਹਿਬ ਦੀ ਮੂਰਤੀ ਅਤੇ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇI ਇਸ ਤੋਂ ਇਲਾਵਾ ਇਸ ਦਿਨ ਵਰਕਰ ਆਪੋ-ਆਪਣੇ ਖੇਤਰ ਵਿੱਚ ਵੱਖ-ਵੱਖ ਸੇਵਾ ਕਾਰਜ ਕਰਨਗੇ ਜਿਵੇਂ ਕਿ ਬਸਤੀਆਂ ਦਾ ਦੌਰਾ ਕਰੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਆਦਿ।
ਜੀਵਨ ਗੁਪਤਾ ਨੇ ਸਮੂਹ ਵਰਕਰਾਂ ਨੂੰ ਪਾਰਟੀ ਦੇ ਸਥਾਪਨਾ ਦਿਵਸ ਤੋਂ ਲੈ ਕੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੱਕ ਸੰਗਠਨ ਵੱਲੋਂ ਦਿੱਤੇ ਸਾਰੇ ਕੰਮਾਂ ਨੂੰ ਪੂਰੇ ਜੋਸ਼ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਸੱਦਾ ਦਿੱਤਾ।