ਯੂਪੀ, 4 ਅਪ੍ਰੈਲ 2023 – ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਪਪਲਪ੍ਰੀਤ ਸਿੰਘ ਦੀ ਭਾਲ ਵਿੱਚ ਪੰਜਾਬ ਪੁਲਿਸ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਪਹੁੰਚ ਗਈ ਹੈ। ਪੁਲਿਸ ਨੇ ਪੀਲੀਭੀਤ ਦੇ ਮੋਹਨਪੁਰ ਗੁਰਦੁਆਰੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਜਾਂਚ ਦੌਰਾਨ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਗੁਰਦੁਆਰੇ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਗਾਇਬ ਪਾਈ ਗਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀਲੀਭੀਤ ਦੇ ਮੋਹਨਪੁਰ ਗੁਰਦੁਆਰੇ ਵਿੱਚ 25 ਮਾਰਚ ਤੋਂ ਪਹਿਲਾਂ ਦੇ ਸਾਰੇ ਸੀਸੀਟੀਵੀ ਫੁਟੇਜ ਮਿਟਾ ਦਿੱਤੇ ਗਏ ਹਨ। 26 ਮਾਰਚ ਤੋਂ ਗੁਰਦੁਆਰੇ ਵਿੱਚ ਫੁਟੇਜ ਸ਼ੁਰੂ ਹੋ ਰਹੀ ਹੈ। ਇਸ ਸੀਸੀਟੀਵੀ ਫੁਟੇਜ ਵਿੱਚ ਵੀ ਪੁਲੀਸ ਨੂੰ ਪਤਾ ਲੱਗਾ ਹੈ ਕਿ ਗੁਰਦੁਆਰੇ ਵਿੱਚ ਖੜ੍ਹੀ ਸਕਾਰਪੀਓ ਕਾਰ ਜੋ ਡੇਰੇ ਦੇ ਮੁਖੀ ਦੇ ਨਾਂ ’ਤੇ ਦਰਜ ਹੈ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਯੂਪੀ ਤੋਂ ਪੰਜਾਬ ਪਹੁੰਚਿਆ ਸੀ।
ਦੂਜੇ ਪਾਸੇ ਪਿਛਲੇ ਦਿਨੀਂ ਹਰਬਜ਼ ਕਾਰਪਸ ਕੇਸ ਵਿੱਚ ਵੀ ਸੁਣਵਾਈ ਹੋਈ ਸੀ। ਸੋਮਵਾਰ ਦੀ ਸੁਣਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਬਾਰੇ ਵੀ ਗੱਲ ਹੋਈ। ਜਿੱਥੇ ਹਰਜੀਤ ਸਿੰਘ ਵੱਲੋਂ ਪੇਸ਼ ਹੋਏ ਵਕੀਲ ਨੇ ਹਿਰਾਸਤ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ, ਉਥੇ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕਰਦਿਆਂ ਦੱਸਿਆ ਕਿ ਅਜਨਾਲਾ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਹਰਜੀਤ ਸਿੰਘ ਦਾ ਨਾਂ ਸੀ ਅਤੇ ਹੁਣ ਇਸ ਮਾਮਲੇ ਦੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ।
ਅੰਮ੍ਰਿਤਪਾਲ ਸਿੰਘ ਦੇ ਇਕ ਵਾਰ ਫਿਰ ਉੱਤਰ ਪ੍ਰਦੇਸ਼ ‘ਚ ਹੋਣ ਦੀਆਂ ਖਬਰਾਂ ਦਰਮਿਆਨ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਸੀਮਾ ਸੁਰੱਖਿਆ ਬਲ (SSB) ਅਤੇ ਨੇਪਾਲ ਆਰਮਡ ਫੋਰਸ ਦੇ ਅਧਿਕਾਰੀਆਂ ਨੇ ਸਰਹੱਦ ‘ਤੇ ਬੈਠਕ ਕਰਕੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਰਣਨੀਤੀ ਬਣਾਈ ਹੈ।
ਸਿਧਾਰਥ ਨਗਰ ਦੇ ਨਾਲ ਲੱਗਦੀ ਨੇਪਾਲ ਸਰਹੱਦ ‘ਤੇ ਤਾਇਨਾਤ SSB ਅਤੇ ਨੇਪਾਲ ਆਰਮਡ ਫੋਰਸਿਜ਼ ਦੇ ਅਧਿਕਾਰੀਆਂ ਨੇ ਸਰਹੱਦ ‘ਤੇ ਵਿਸ਼ੇਸ਼ ਸਾਵਧਾਨੀ ਵਰਤਦੇ ਹੋਏ ਹਰ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਦੀ ਚੈਕਿੰਗ ਦੇ ਨਾਲ-ਨਾਲ ਭਾਰਤ ਤੋਂ ਨੇਪਾਲ ਅਤੇ ਨੇਪਾਲ ਤੋਂ ਭਾਰਤ ਆਉਣ ਵਾਲੇ ਟਰੱਕਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੱਕੜਵਾ, ਅਲੀਗੜ੍ਹਵਾ, ਬਾਜਾ, ਖਨੂੰਵਾਨ, ਧਨੌਰਾ ਅਤੇ ਚੈਰੀਗਵਾ ਸਰਹੱਦਾਂ ‘ਤੇ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਲਈ ਬਾਰਡਰ ‘ਤੇ ਖਾਸ ਸਾਵਧਾਨੀ ਵਰਤੀ ਜਾ ਰਹੀ ਹੈ। SSB 43ਵੀਂ ਕੋਰ ਦੇ ਜਵਾਨਾਂ ਨੇ ਸਰਹੱਦ ‘ਤੇ ਮੁੱਖ ਥਾਵਾਂ ‘ਤੇ ਅੰਮ੍ਰਿਤਪਾਲ ਦੀ ਫੋਟੋ ਲਗਾ ਦਿੱਤੀ ਹੈ।
ਹਿਮਾਚਲ ਵਿਚ ਵੀ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਭਾਲ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਹਮੀਰਪੁਰ ਜ਼ਿਲ੍ਹੇ ਦੀ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਚਾਰ ਸ਼ੱਕੀ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਸ਼ੱਕੀ ਨੌਜਵਾਨਾਂ ਨੂੰ ਦੂਤਸਿੱਧ ਸਥਿਤ ਬਾਬਾ ਬਾਲਕ ਨਾਥ ਮੰਦਰ ਤੋਂ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਬਿਜਹੇੜੀ ਪੁਲੀਸ ਚੌਕੀ ਵਿਖੇ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ਇੱਕ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਨੇ ਇਸ ਵਿਅਕਤੀ ਦੇ ਮੋਬਾਈਲ ਤੋਂ ਵੀਡੀਓ ਬਣਾਈ ਸੀ। ਜੋ ਕਿ 29 ਅਤੇ 30 ਮਾਰਚ ਨੂੰ ਰਿਲੀਜ਼ ਹੋਈਆਂ ਸਨ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਵੀਡੀਓ ਕਿੱਥੇ ਬਣਾਈ ਗਈ ਸੀ ?
ਉਸ ਨੇ ਇਹ ਵੀਡੀਓ ਕਿਸ ਨੂੰ ਫਾਰਵਰਡ ਕੀਤਾ ? ਇਨ੍ਹਾਂ ਨੂੰ ਇੰਟਰਨੈੱਟ ‘ਤੇ ਕਿਸ ਨੇ ਪਾਇਆ ? ਅੰਮ੍ਰਿਤਪਾਲ ਦੀ ਖੋਜ ‘ਚ ਇਹ ਸਵਾਲ ਬਹੁਤ ਅਹਿਮ ਹੋ ਸਕਦੇ ਹਨ। ਇਹ ਦੋਵੇਂ ਵੀਡੀਓ ਵਿਦੇਸ਼ੀ ਆਈਪੀ ਐਡਰੈੱਸ ਤੋਂ ਇੰਟਰਨੈੱਟ ‘ਤੇ ਅਪਲੋਡ ਕੀਤੇ ਗਏ ਸਨ।
ਅੰਮ੍ਰਿਤਪਾਲ ਦੀ ਵੀਡੀਓ ਦੇ ਮਾਮਲੇ ‘ਚ ਪੰਜਾਬ ਪੁਲਸ ਨੇ ਹੁਣ ਕੇਂਦਰੀ ਖੁਫੀਆ ਏਜੰਸੀਆਂ ਦੀ ਮਦਦ ਮੰਗੀ ਹੈ। ਅੰਮ੍ਰਿਤਪਾਲ ਨੇ 29-30 ਮਾਰਚ ਨੂੰ ਲਗਾਤਾਰ ਦੋ ਵੀਡੀਓ ਜਾਰੀ ਕੀਤੇ। ਪੁਲਿਸ ਦੇ ਸਾਈਬਰ ਸੈੱਲ ਨੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਦੁਬਈ, ਕੈਨੇਡਾ, ਯੂ.ਕੇ., ਅਮਰੀਕਾ, ਜਰਮਨੀ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਇੰਟਰਨੈੱਟ ‘ਤੇ ਅਪਲੋਡ ਕੀਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਂਦਰ ਨਾਲ ਤਾਲਮੇਲ ਕਰਕੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਹੈ। ਕੇਂਦਰੀ ਏਜੰਸੀਆਂ ਨੂੰ IP ਐਡਰੈੱਸ ਵੀ ਦਿੱਤੇ ਗਏ ਹਨ।