- ਬੈਂਕ ਡਕੈਤੀ ਵਿੱਚ ਜ਼ਿਲ੍ਹਾ ਰੂਪਨਗਰ ਦੇ ਪਿੰਡ ਹਫੀਜਾਬਾਦ ਦਾ ਸਰਪੰਚ ਵੀ ਸ਼ਾਮਲ
- ਕਥਿਤ ਦੋਸ਼ੀਆਂ ਤੋਂ 1 ਲੱਖ 25 ਹਜ਼ਾਰ ਦੀ ਨਗਦੀ, ਹਥਿਆਰ ਅਤੇ ਕਾਰ ਕੀਤੀ ਬਰਾਮਦ
ਫ਼ਤਹਿਗੜ੍ਹ ਸਾਹਿਬ, 16 ਨਵੰਬਰ 2022 – ਜ਼ਿਲ੍ਹਾ ਪੁਲਿਸ ਨੇ ਸੰਘੋਲ ਵਿਖੇ 4 ਲੱਖ 50 ਹਜ਼ਾਰ ਦੀ ਹੋਈ ਬੈਂਕ ਡਕੈਤੀ ਦੇ ਅਣ-ਸੁਲਝੇ ਕੇਸ ਨੂੰ ਸੁਲਝਾ ਕੇ 2 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਤੀਜਾ ਕਥਿਤ ਦੋਸ਼ੀ ਰੂਪਨਗਰ ਜ਼ਿਲ੍ਹੇ ਦੇ ਪਿੰਡ ਹਫਿਜਾਬਾਦ ਦਾ ਸਰਪੰਚ ਅਜੇ ਫਰਾਰ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਲੁੱਟੇ ਗਏ 01 ਲੱਖ 25 ਹਜ਼ਾਰ ਰੁਪਏ ਦੀ ਨਗਦੀ, ਹਥਿਆਰ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬੀਤੇ 10 ਨਵੰਬਰ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਸੰਘੋਲ ਬਰਾਂਚ ਅੰਦਰ 2 ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਤੇ ਮਾਸਕ ਪਾਏ ਹੋਏ ਸਨ, ਨੇ ਬੈਂਕ ਦੇ ਅੰਦਰ ਵੜ ਕੇ ਪਹਿਲਾਂ ਬੈਂਕ ਦੇ ਸਕਿਉਰਿਟੀ ਗਾਰਡ ਹਰਜੀਤ ਸਿੰਘ ਨਾਲ ਹੱਥੋ ਪਾਈ ਕੀਤੀ ਅਤੇ ਉਸ ਦੀ ਰਾਈਫਲ ਖੋਹ ਕੇ ਬੈਂਕ ਵਿੱਚੋਂ ਕਰੀਬ 04 ਲੱਖ 50 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈਆਂ ਸਨ। ਜਿਸ ਦੇ ਆਧਾਰ ਤੇ ਬੈਂਕ ਦੇ ਡਿਪਟੀ ਮੈਨੇਜਰ ਜੰਗ ਸਿੰਘ ਦੇ ਬਿਆਨ ਤੇ ਮੁਕੱਦਮਾ ਨੰ: 145 ਮਿਤੀ 10-11–2022 ਧਾਰਾ 392 ਅਤੇ ਆਰਮ ਐਕਟ ਦੀ ਧਾਰਾ 25,27 ਅਧੀਨ ਮਾਮਲਾ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਫੌਰੀ ਕਾਰਵਾਈ ਕਰਦੇ ਹੋਏ ਡੀ.ਐਸ.ਪੀ. ਖਮਾਣੋਂ ਸ਼੍ਰੀ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਮੁੱਖ ਥਾਣਾ ਅਫਸਰ ਖਮਾਣੋਂ ਥਾਣੇਦਾਰ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ. ਕੁਲਵਿੰਦਰ ਸਿੰਘ ਇੰਚਾਰਜ ਸੰਘੋਲ ਚੌਂਕੀ ਸਮੇਤ ਪੁਲਿਸ ਪਾਰਟੀ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਇਸ ਕੇਸ ਨੂੰ ਸੁਲਝਾ ਕੇ ਕਥਿਤ ਦੋਸ਼ੀਆਂ ਨੂੰ ਪੰਜ ਦਿਨਾਂ ਦੇ ਅੰਦਰ ਕਾਬੂ ਕਰ ਲਿਆ ਹੈ।
ਡਾ. ਰਵਜੋਤ ਗਰੇਵਾਲ ਨੇ ਹੋਰ ਦੱਸਿਆ ਕਿ ਪੁਲਿਸ ਨੇ ਬਾਰੀਕੀ ਨਾਲ ਕੀਤੀ ਤਫਤੀਸ਼ ਅਤੇ ਟੈਕਨੀਕਲ ਟੀਮ ਦੀ ਮਦਦ ਨਾਲ 12 ਨਵੰਬਰ ਨੂੰ ਅਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪ ਨਗਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਪ੍ਰਗਟ ਸਿੰਘ ਵਾਸੀ ਕਤਲੌਰ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਅਤੇ 15 ਨਵੰਬਰ ਨੂੰ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸੂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਵਿੱਚ ਵਰਤੇ ਗਏ ਦੋ ਨਕਲੀ ਪਿਸਤੌਲ, ਬੈਂਕ ਵਿੱਚੋਂ ਲੁੱਟੀ ਹੋਈ ਰਕਮ ਵਿੱਚੋਂ 60,000/- ਰੁਪਏ ਅਤੇ 12 ਬੋਰ ਰਾਇਫਲ ਦੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸੂ ਨੇ ਪੁੱਛਗਿਛ ਦੌਰਾਨ ਮੰਨਿਆਂ ਕਿ ਇਸ ਕੇਸ ਵਿੱਚ ਬਲਵੀਰ ਸਿੰਘ ਉਰਫ ਬੀਰਾ ਪੁੱਤਰ ਸਾਧੂ ਸਿੰਘ ਵਾਸੀ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵੀ ਸ਼ਾਮਲ ਹੈ। ਜਿਸ ਤੇ ਪੁਲਿਸ ਨੇ ਮੁਕੱਦਮੇ ਵਿੱਚ ਧਾਰਾ 120-ਬੀ ਦਾ ਵਾਧਾ ਕਰਕੇ 15 ਨਵੰਬਰ ਨੂੰ ਕਥਿਤ ਦੋਸ਼ੀ ਬਲਵੀਰ ਸਿੰਘ ਉਰਫ ਬੀਰਾ ਪੁੱਤਰ ਸਾਧੂ ਸਿੰਘ ਵਾਸੀ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੂੰ ਸਮੇਤ ਟੋਆਇਟਾ ਗਲਾਂਜਾ ਕਾਰ ਨੰਬਰ ਪੀ.ਬੀ.71-ਏ-8070 ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਮੁਕੱਦਮੇ ਦੇ ਇੱਕ ਹੋਰ ਕਥਿਤ ਦੋਸ਼ੀ ਅਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਗ੍ਰਿਫਤਾਰੀ ਲਈ ਜਦੋਂ ਉਸ ਦੇ ਘਰ ਰੇਡ ਕੀਤੀ ਗਈ ਤਾਂ ਉਹ ਘਰ ਵਿੱਚ ਨਹ਼ ਮਿਲਿਆ ਪ੍ਰੰਤੂ ਉਸ ਦੇ ਲੋਅਰ ਦੀ ਜੇਬ ਵਿੱਚੋਂ 65000/- ਰੁਪਏ ਦੀ ਨਗਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਹ ਲੋਅਰ ਉਸ ਨੇ ਵਾਰਦਾਤ ਸਮੇਂ ਪਹਿਨੀ ਹੋਈ ਸੀ। ਸਰਪੰਚ ਅਮਨਦੀਪ ਸਿੰਘ ਆਪਣੀ ਗ੍ਰਿਫਤਾਰੀ ਤੋਂ ਬਚਦਾ ਫਿਰ ਰਿਹਾ ਹੈ ਪ੍ਰੰਤੂ ਪੁਲਿਸ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਵੇਗੀ। ਉਨ੍ਹਾਂ ਦੱਸਿਆ ਕਿ ਕਥਿਤ ਦ਼ਸੀ ਜਸਪ੍ਰੀਤ ਸਿੰਘ ਉਰਫ ਜੱਸੂ ਅਤੇ ਬਲਵੀਰ ਸਿੰਘ ਉਰਫ ਬੀਰਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਹੋਰ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂ ਜੋ ਹੋਰ ਤੱਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਡਾ: ਗਰੇਵਾਲ ਨੇ ਇਹ ਵੀ ਦੱਸਿਆ ਕਿ ਕਥਿਤ ਦੋਸ਼ੀ ਅਮਨਦੀਪ ਸਿੰਘ ਜੋ ਕਿ ਹਫਿਜਾਬਾਦ ਦਾ ਸਰਪੰਚ ਹੈ ਵਿਰੁੱਧ ਪਹਿਲਾਂ ਹੀ ਜ਼ਿਲ੍ਹਾ ਰੂਪ ਨਗਰ ਦੇ ਥਾਣਾ ਚਮਕੌਰ ਸਾਹਿਬ ਵਿਖੇ ਧਾਰਾ 379 ਅਧੀਨ ਮੁਕੱਦਮਾ ਨੰ: 77 ਮਿਤੀ 17-09-2009, ਧਾਰਾ 353,186,506,189 ਤਹਿਤ ਮੁਕੱਦਮਾ ਨੰ: 23 ਮਿਤੀ 30-04-2015,ਐਨ.ਡੀਪੀ.ਐਸ.ਐਕਟ ਦੀ ਧਾਰਾ 22/61/85 ਅਧੀਨ ਮੁਕੱਦਮਾ ਨੰ: 19 ਮਿਤੀ 19-02-2017 ਅਤੇ ਧਾਰਾ 406,420,365,120-ਬੀ ਅਧੀਨ ਮੁਕੱਦਮਾ ਨੰ: 126 ਮਿਤੀ 24-07-2020 ਦਰਜ਼ ਹੈ।
ਇਸ ਮੌਕੇ ਐਸ.ਪੀ. (ਡੀ.) ਦਿਗਵਿਜੈ ਕਪਿਲ, ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।