ਗੁਰਦਾਸਪੁਰ 28 ਮਾਰਚ 2023 – ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਵੱਲੋਂ 2 ਕਿਲੋ 500 ਗ੍ਰਾਮ ਵਜ਼ਨੀ 280 ਹਰੇ ਪੋਸਤ ਦੇ ਬੂਟਿਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਥਾਣਾ ਘੁੱਮਣ ਕਲਾਂ ਵਿੱਚ ਤੈਨਾਤ ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਲਾਲੋਵਾਲ ਪੁੱਜੇ ਤਾਂ ਮੁੱਖਬਰ ਖਾਸ ਨੇ ਸੂਚਨਾ ਦਿੱਤੀ ਕਿ ਸਰਦੂਲ ਮਸੀਹ ਪੁੱਤਰ ਗੁਰਮੇਜ ਮਸੀਹ ਵਾਸੀ ਲਾਲੋਵਾਲ ਨੇ ਆਪਣੇ ਘਰ ਦੀ ਛੱਤ ਤੇ ਮਿੱਟੀ ਪਾ ਕੇ ਪੋਸਤ ਦੇ ਬੂਟੇ ਉਗਾਏ ਹੋਏ ਹਨ। ਇਸ ਬਾਰੇ ਸੂਚਨਾ ਮਿਲਣ ਤੇ ਜਦੋਂ ਉਹ ਪੁਲਿਸ ਪਾਰਟੀ ਸਮੇਤ ਮੋਕੇ ਤੇ ਪੁੱਜੇ ਤਾਂ ਉਕਤ ਸਰਦੂਲ ਮਸੀਹ ਘਰ ਦੀ ਛੱਤ ਤੋਂ ਬੂਟਿਆਂ ਨੂੰ ਪੁੱਟ ਰਿਹਾ ਸੀ। ਮੋਕੇ ਤੋਂ ਕੁਲ ਢਾਈ ਕਿਲੋ ਵਜ਼ਨੀ ਹਰੇ ਪੋਸਤ ਦੇ 280 ਬੂਟੇ ਬਰਾਮਦ ਹੋਏ । ਸਰਦੂਲ ਮਸੀਹ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

