- ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕਰਕੇ ਕੀਤਾ ਨਸ਼ਟ ਨਜਾਇਜ਼ ਸ਼ਰਾਬ ਅਤੇ ਹਥਿਆਰ ਵੀ ਕੀਤੇ ਬਰਾਮਦ
ਗੁਰਦਾਸਪੁਰ 11 ਮਈ 2024 – ਜ਼ਿਲ੍ਹਾ ਪੁਲੀਸ ਗੁਰਦਾਸਪੁਰ ਅਤੇ ਜ਼ਿਲ੍ਹਾ ਪੁਲੀਸ ਬਟਾਲਾ ਵੱਲੋਂ ਅੰਮ੍ਰਿਤਸਰ ਦੀ ਖੰਨਾ ਪੇਪਰ ਮਿੱਲ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਇਹ ਕਾਰਵਾਈ ਬਾਰਡਰ ਰੇਂਜ ਪੁਲਿਸ ਵੱਲੋਂ ਕੀਤੀ ਗਈ ਹੈ। ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥ ਜ਼ਿਲ੍ਹਾ ਪੁਲਿਸ ਬਟਾਲਾ ਅਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਵੱਡੇ ਮਾਮਲਿਆਂ ਵਿੱਚ ਬਰਾਮਦ ਕੀਤੇ ਗਏ ਹਨ। ਜਦੋਂਕਿ ਨਸ਼ਟ ਕੀਤੇ ਗਏ ਸਮਾਨ ਵਿਚ 35 ਕਿਲੋ 810 ਗ੍ਰਾਮ ਹੈਰੋਇਨ, ਵੱਡੀ ਗਿਣਤੀ ਵਿਚ ਨਸ਼ੀਲਾ ਪਾਊਡਰ, ਕੈਪਸੂਲ, ਗੋਲੀਆਂ, ਸਮੈਕ, ਭੁੱਕੀ, ਹਰੇ ਭੁੱਕੀ ਦੇ ਬੂਟੇ ਅਤੇ ਹੋਰ ਨਸ਼ੀਲੇ ਪਦਾਰਥ ਵੀ ਸ਼ਾਮਲ ਹਨ।
ਜ਼ਿਲ੍ਹਾ ਪੁਲੀਸ ਗੁਰਦਾਸਪੁਰ ਨੇ ਜਨਵਰੀ ਤੋਂ ਅਪਰੈਲ 2024 ਤੱਕ ਵੱਡੀ ਗਿਣਤੀ ਵਿੱਚ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ ਅਤੇ ਵੱਡੀ ਗਿਣਤੀ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਲੋੜੀਂਦੇ ਅਤੇ ਭਗੌੜੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ
ਜ਼ਿਲ੍ਹਾ ਪੁਲੀਸ ਗੁਰਦਾਸਪੁਰ ਨੇ ਜਨਵਰੀ ਤੋਂ ਅਪਰੈਲ 2024 ਤੱਕ ਵੱਖ-ਵੱਖ ਥਾਣਿਆਂ ਵਿੱਚ 52 ਕੇਸ ਦਰਜ ਕਰਕੇ 91 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ ਤਿੰਨ ਕਿੱਲੋ 765 ਗ੍ਰਾਮ ਅਤੇ 643 ਮਿਲੀਗ੍ਰਾਮ ਹੈਰੋਇਨ, 1786 ਨਸ਼ੀਲੀਆਂ ਗੋਲੀਆਂ, ਦਸ ਕਿੱਲੋ ਅਤੇ 88 ਗ੍ਰਾਮ ਭੁੱਕੀ, 33 ਕਿੱਲੋ, ਦੋ ਸੌ ਗ੍ਰਾਮ ਹਰੇ ਭੁੱਕੀ ਦੇ ਬੂਟੇ, 233 ਗ੍ਰਾਮ ਅਤੇ 50 ਮਿਲੀਗ੍ਰਾਮ ਅਫੀਮ ਬਰਾਮਦ ਕੀਤੀ । ਇਸ ਤੋਂ ਇਲਾਵਾ 9 ਲੱਖ 90 ਹਜ਼ਾਰ 700 ਰੁਪਏ ਦੀ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਜ਼ਿਲ੍ਹਾ ਪੁਲੀਸ ਗੁਰਦਾਸਪੁਰ ਨੇ ਇਨ੍ਹਾਂ ਚਾਰ ਮਹੀਨਿਆਂ ਵਿੱਚ ਆਬਕਾਰੀ ਐਕਟ ਤਹਿਤ 126 ਕੇਸ ਦਰਜ ਕਰਕੇ 129 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਕਤ ਦੋਸ਼ੀਆਂ ਕੋਲੋਂ 17 ਲੱਖ 32 ਹਜ਼ਾਰ 80 ਮਿਲੀਲੀਟਰ ਨਾਜਾਇਜ਼ ਸ਼ਰਾਬ, 18 ਲੱਖ 62 ਹਜ਼ਾਰ 800 ਮਿਲੀਲੀਟਰ ਠੇਕਾ ਸ਼ਰਾਬ, 13 ਹਜ਼ਾਰ 645 ਕਿਲੋ ਲਾਹਣ ਅਤੇ ਤਿੰਨ ਚਾਲੂ ਭੱਠੀਆਂ ਬਰਾਮਦ ਕੀਤੀਆਂ ।
ਪੁਲੀਸ ਨੇ ਵੱਖ-ਵੱਖ ਥਾਣਿਆਂ ਵਿੱਚ ਅਸਲਾ ਐਕਟ ਤਹਿਤ ਕੁੱਲ ਚਾਰ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 24 ਪਿਸਤੌਲ, ਇੱਕ ਰਿਵਾਲਵਰ, ਇੱਕ ਦੇਸੀ ਪਿਸਤੌਲ, 114 ਕਾਰਤੂਸ, 25 ਮੈਗਜ਼ੀਨ ਅਤੇ 12 ਬੋਰ ਦੀਆਂ ਦੋ ਬੰਦੂਕਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਗੁਰਦਾਸਪੁਰ ਨੇ ਵੱਖ-ਵੱਖ ਕੇਸਾਂ ਵਿੱਚ ਭਗੌੜੇ ਐਲਾਨੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਪੁਲੀਸ ਨੂੰ ਲੋੜੀਂਦੇ 62 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।