ਚੰਡੀਗੜ੍ਹ, 19 ਜੁਲਾਈ 2025 – ਬਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਪੇਸ਼ੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਵਲੋਂ ਅਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਬਾਅਦ ਵਿਚ ਕਿਸੇ ਅਣ-ਦੱਸੀ ਥਾਂ ’ਤੇ ਲਿਜਾਇਆ ਗਿਆ ਹੈ। ਸਰਬਜੀਤ ਸਿੰਘ ਝਿੰਜਰ ਦੀ ਮੀਡੀਆ ਟੀਮ ਨੇ ਪੋਸਟ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ।
ਸਰਬਜੀਤ ਝਿੰਜਰ ਤੋਂ ਬਿਨਾ ਹੋਰ ਵੀ ਕਈ ਅਕਾਲੀ ਆਗੂਆਂ ਨੂੰ ਪੁਲਿਸ ਨੇ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸੰਬੰਧੀ ਘਰਾਂ ‘ਚ ਹੀ ਹਿਰਾਸਤ ‘ਚ ਲਿਆ ਹੋਇਆ ਹੈ।
ਪੰਜਾਬ ਵਿਜੀਲੈਂਸ ਪੁਲਿਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਜੋ ਕਿ ਪਿਛਲੇ ਕਈ ਦਿਨਾਂ ਤੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਸਨ, ਦੀ ਅੱਜ 14 ਦਿਨਾਂ ਨਿਆਂਇਕ ਹਿਰਾਸਤ ਖ਼ਤਮ ਹੋਣ ਉਪਰੰਤ, ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 10 ਵਜੇ ਮੋਹਾਲੀ ਕੋਰਟ ਲਈ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਲਿਜਾਇਆ ਜਾ ਰਿਹਾ ਹੈ।

25 ਜੂਨ ਨੂੰ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਜੀਠੀਆ ਦੇ ਮਾਮਲੇ ’ਚ ਪੁਲਿਸ ਪਹਿਲਾਂ 26 ਜੂਨ ਤੋਂ 1 ਜੁਲਾਈ ਤੱਕ ਦਾ ਰਿਮਾਂਡ ਲੈ ਚੁੱਕੀ ਹੈ। ਇਸ ਤੋਂ ਬਾਅਦ 2 ਜੁਲਾਈ ਤੋਂ 6 ਜੁਲਾਈ ਤੱਕ 4 ਦਿਨ ਦਾ ਪੁਲਿਸ ਰਿਮਾਂਡ ਵੀ ਵਿਜੀਲੈਂਸ ਬਿਊਰੋ ਵੱਲੋਂ ਲਿਆ ਗਿਆ ਸੀ। ਉਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਜਿਸ ਦੀ ਮਿਆਦ ਅੱਜ ਪੂਰੀ ਹੋ ਰਹੀ ਹੈ।
