ਲੁਧਿਆਣਾ, 19 ਮਈ 2022 – ਲੁਧਿਆਣਾ ਡਕੈਤੀ ਮਾਮਲੇ ਵਿੱਚ ਪੁਲਿਸ ਨੇ ਮੋਗਾ ਦੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਇਨ੍ਹਾਂ ਨੂੰ ਮੋਗਾ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੀ ਕੋਸ਼ਿਸ਼ ਕਰਨ ਦਾ ਅਪਰਾਧਿਕ ਮਾਮਲਾ ਦਰਜ ਹੈ।
ਤਿੰਨਾਂ ਦੀ ਪਛਾਣ ਰਵੀਦਾਸ ਉਰਫ਼ ਰਵੀ ਵਾਸੀ ਕੋਟ ਈਸੇ ਖਾਂ ਮੋਗਾ, ਗੁਰਦੀਪ ਸਿੰਘ ਵਾਸੀ ਕੋਟ ਈਸੇ ਖਾਂ ਮੋਗਾ ਅਤੇ ਮਨਦੀਪ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਮੋਗਾ ਵਜੋਂ ਹੋਈ ਹੈ। ਏਡੀਸੀਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਕੋਲ ਕੋਈ ਕੰਮ ਨਹੀਂ ਸੀ। ਇਸ ਲਈ ਇਹ ਸਿਰਫ਼ ਪੈਸੇ ਕਮਾਉਣ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਰ ਉਹ ਪਿੱਛੇ ਕਈ ਸਬੂਤ ਛੱਡਣ ਕਾਰਨ ਫੜੇ ਗਏ।
ਐਸ.ਏ.ਐਸ.ਨਗਰ ਦੇ ਬਲੌਂਗੀ ਸਥਿਤ ਗੁਰਦੁਆਰਾ ਸਾਹਿਬ ਨੇੜੇ ਰਹਿੰਦੇ ਸਤਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ 10 ਮਈ ਨੂੰ ਮੁਹਾਲੀ ਦਾ ਇੱਕ ਲੜਕਾ ਲੁਧਿਆਣਾ ਦੇ ਸ਼ਿਵਪੁਰੀ ਜਾਣ ਲਈ ਉਸਦੀ ਮਾਰੂਤੀ ਸਵਿਫ਼ਟ ਡਿਜ਼ਾਇਰ ਗੱਡੀ ਵਿੱਚ ਸਵਾਰ ਹੋਇਆ ਸੀ। ਸ਼ਿਵਪੁਰੀ ਪਹੁੰਚ ਕੇ ਉਸ ਦੇ ਦੋ ਸਾਥੀ ਕਾਰ ਵਿੱਚ ਚੜ੍ਹ ਗਏ। ਮੁਲਜ਼ਮਾਂ ਨੇ ਉਸ ਨੂੰ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਦੇ ਗਲੇ ’ਚ ਰੱਸੀ ਪਾ ਦਿੱਤੀ ਅਤੇ ਦਾਤ ਨਾਲ ਉਸ ’ਤੇ ਵਾਰ ਕਰ ਦਿੱਤਾ।
ਉਸ ਨੂੰ ਡਰਾਈਵਿੰਗ ਸੀਟ ਤੋਂ ਹਟਾ ਕੇ ਉਨ੍ਹਾਂ ਵਿੱਚੋਂ ਇੱਕ ਨੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਉਸ ਦਾ ਪਰਸ ਕੱਢ ਲਿਆ। ਉਸ ਕੋਲ 4,000 ਰੁਪਏ ਦੀ ਨਕਦੀ, 3 ਏਟੀਐਮ ਕਾਰਡ ਅਤੇ 2 ਕ੍ਰੈਡਿਟ ਕਾਰਡ ਸਨ। ਉਸ ਦਾ ਆਈਫੋਨ-11 ਮੋਬਾਈਲ ਖੋਹ ਲਿਆ ਅਤੇ ਉਸ ਦੇ ਹੱਥ ਵਿਚ ਪਾਇਆ ਚਾਂਦੀ ਦਾ ਕੜਾ ਵੀ ਉਤਾਰ ਲਿਆ।
ਮੁਲਜ਼ਮਾਂ ਨੇ ਐਸਬੀਆਈ ਦੇ ਏਟੀਐਮ ਵਿੱਚੋਂ ਪੀੜਤ ਦੇ ਖਾਤੇ ਵਿੱਚੋਂ 11 ਹਜ਼ਾਰ ਰੁਪਏ ਕਢਵਾ ਲਏ ਅਤੇ ਲਾਡੋਵਾਲ ਟੋਲ ਪਲਾਜ਼ਾ ਵੱਲ ਚੱਲ ਪਾਏ। ਲਾਡੋਵਾਲ ਬਾਈਪਾਸ ਨੇੜੇ ਸੜਕ ਟੁੱਟਣ ਕਾਰਨ ਉਹਨਾਂ ਦੀ ਕਾਰ ਕੀਤੇ ਫਸ। ਜਿੱਥੇ ਹੋਰ ਕਾਰਾਂ ਨੂੰ ਆਉਂਦੀ ਦੇਖ ਮੁਲਜ਼ਮ ਪੀੜਤ ਨੂੰ ਕਾਰ ਵਿੱਚ ਛੱਡ ਕੇ ਫਰਾਰ ਹੋ ਗਏ।