ਚੰਡੀਗੜ੍ਹ, 21 ਅਗਸਤ 2025 – ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ੀ ਹੈੱਡ ਕਾਂਸਟੇਬਲ ਰਾਮਕੁਮਾਰ ਨੂੰ 7 ਸਾਲ ਕੈਦ ਦੀ ਸਜ਼ਾ ਅਤੇ 50 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੀ. ਬੀ. ਆਈ. ਨੇ 8 ਸਾਲ ਪਹਿਲਾਂ ਦੋਸ਼ੀ ਹੈੱਡ ਕਾਂਸਟੇਬਲ ਨੂੰ ਰਿਸ਼ਵਤ ਲੈਂਦੇ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਸੀ। ਹੈੱਡ ਕਾਂਸਟੇਬਲ ਇਕ ਮਾਮਲੇ ਵਿਚ ਮੁਲਜ਼ਮ ਦੀ ਪਤਨੀ ਤੋਂ 10 ਹਜ਼ਾਰ ਰਿਸ਼ਵਤ ਮੰਗ ਰਿਹਾ ਸੀ। ਸੀ. ਬੀ. ਆਈ. ਨੇ ਮਹਿਲਾ ਦੀ ਸ਼ਿਕਾਇਤ ’ਤੇ ਟਰੈਪ ਲਗਾ ਕੇ ਗ੍ਰਿਫ਼ਤਾਰ ਕੀਤਾ ਸੀ। ਕਰੀਬ 8 ਸਾਲ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਸੋਮਵਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਅੱਜ ਸਜ਼ਾ ’ਤੇ ਫ਼ੈਸਲਾ ਸੁਣਾਇਆ ਹੈ।
ਸੀ. ਬੀ. ਆਈ. ਨੇ ਸਾਰੰਗਪੁਰ ਦੇ ਰਹਿਣ ਵਾਲੇ ਸੱਤਿਆ ਤਿਵਾੜੀ ਅਤੇ ਅਨੀਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਅਨੀਤਾ ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ ਪਰਿਵਾਰਕ ਕਾਰਨਾਂ ਕਰਕੇ ਕਿਸੇ ਨਾਲ ਝਗੜਾ ਚੱਲ ਰਿਹਾ ਸੀ। ਸਾਰੰਗਪੁਰ ਥਾਣਾ ਪੁਲਸ ਨੇ 17 ਫਰਵਰੀ 2017 ਨੂੰ ਪਤੀ ਸ਼ਿਵਨਾਥ ਸਿੰਘ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਕੇ ਦੋ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ। ਸਾਰੰਗਪੁਰ ਥਾਣੇ ਦੇ ਕੁਝ ਪੁਲਸ ਮੁਲਾਜ਼ਮਾਂ ਨੇ ਅਨੀਤਾ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਪਤੀ ਖ਼ਿਲਾਫ਼ ਕੇਸ ਖ਼ਤਮ ਕਰਨ ਦੇ ਨਾਮ ’ਤੇ ਰਿਸ਼ਵਤ ਦੀ ਮੰਗ ਕਰਨ ਲੱਗੇ।
ਹੈੱਡ ਕਾਂਸਟੇਬਲ ਰਾਮ ਕੁਮਾਰ ਨੇ 10 ਹਜ਼ਾਰ ਲੈ ਕੇ ਆਉਣ ਲਈ ਕਿਹਾ। ਅਨੀਤਾ ਨੇ ਪ੍ਰੇਸ਼ਾਨ ਹੋ ਕੇ ਸੀ. ਬੀ. ਆਈ. ਨੂੰ ਸ਼ਿਕਾਇਤ ਦਿੱਤੀ। ਸੀ. ਬੀ. ਆਈ. ਨੇ ਫਿਰ ਰਾਮ ਕੁਮਾਰ ਨੂੰ ਫੜਨ ਦੇ ਲਈ 23 ਮਈ 2017 ਨੂੰ ਟਰੈਲ ਲਗਾਇਆ। ਦੋਸ਼ੀ ਰਾਮਕੁਮਾਰ ਨੇ ਰਿਸ਼ਵਤ ਦੀ ਰਕਮ ਫੜੀ, ਉਦੋਂ ਹੀ ਸੀ. ਬੀ. ਆਈ. ਨੇ ਰੰਗੀ ਹੱਥੀ ਗ੍ਰਿਫ਼ਤਾਰ ਕਰ ਲਿਆ। ਕਰੀਬ 8 ਸਾਲ ਕਾਨੂੰਨੀ ਕਾਰਵਾਈ ਦੇ ਦੌਰਾਨ ਸਾਹਮਣੇ ਆਏ ਤੱਥਾਂ ਦੀ ਜਾਂਚ ਅਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਸੋਮਵਾਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਹੈੱਡ ਕਾਂਸਟੇਬਲ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ’ਤੇ ਫ਼ੈਸਲਾ ਸੁਣਾਇਆ ਹੈ।

