- ਰਾਕੇਸ਼ ਨੇ ਰਚਿਆ ਸੀ ਡਰਾਮਾ; ਕਿਹਾ- ਪੈਸੇ ਦੇਖ ਕੇ ਲਾਲਚ ਆਇਆ; ਐਕਟਿਵਾ ਛੁਪਾਈ, ਮੋਬਾਈਲ ਬੰਦ ਕਰ ਦਿੱਤਾ
ਜਲੰਧਰ, 29 ਸਤੰਬਰ 2022 – ਜਲੰਧਰ ਸ਼ਹਿਰ ਦੇ ਦੋਮੋਰੀਆ ਪੁਲ ‘ਤੇ ਹੋਈ 5.64 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ ਹੈ। ਲੁੱਟ ਦੀ ਸ਼ਿਕਾਇਤ ਦੇਣ ਵਾਲੇ ਵਿਅਕਤੀ ਨੇ ਖੁਦ ਹੀ ਲੁੱਟ ਦਾ ਡਰਾਮਾ ਰਚਿਆ ਸੀ। ਮੁਲਜ਼ਮ ਰਾਕੇਸ਼ ਕੁਮਾਰ ਉਰਫ਼ ਸੋਨੂੰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ 5.64 ਲੱਖ ਰੁਪਏ ਵਿੱਚੋਂ 2.64 ਲੱਖ ਰੁਪਏ ਅਤੇ ਐਕਟਿਵਾ ਵੀ ਬਰਾਮਦ ਕਰ ਲਈ ਹੈ।
ਡਕੈਤੀ ਦੇ ਮਾਸਟਰਮਾਈਂਡ ਰਾਕੇਸ਼ ਨੇ ਦੱਸਿਆ ਕਿ ਉਸ ਨੇ ਆਪਣੇ ਸਿਰ ‘ਤੇ ਕਰਜ਼ਾ ਹੋਣ ਕਾਰਨ ਲੁੱਟ ਦੀ ਸ਼ਾਜਿਸ ਕੀਤੀ ਸੀ। ਪੈਸੇ ਦੇਖ ਕੇ ਉਸ ਦੇ ਮਨ ਵਿਚ ਲਾਲਚ ਆ ਗਿਆ। ਇਸ ਤੋਂ ਬਾਅਦ ਉਸ ਨੇ ਸਕੂਟਰ ਨੂੰ ਗਲੀ ‘ਚ ਛੁਪਾ ਕੇ ਖੜ੍ਹਾ ਕਰ ਦਿੱਤਾ ਅਤੇ ਆਪਣਾ ਮੋਬਾਈਲ ਬੰਦ ਕਰਕੇ ਉਸ ‘ਚ ਰੱਖ ਦਿੱਤਾ। 5.64 ਲੱਖ ਵਿਚੋਂ 3 ਲੱਖ ਇੱਧਰ-ਉੱਧਰ ਕਰ ਦਿੱਤੇ। 2.64 ਲੱਖ ਰੁਪਏ ਡਿਗੀ ਵਿੱਚ ਰਹਿਣ ਦਿੱਤੇ।
ਰਾਕੇਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਪਾਰੀ ਮਨੀ ਅਰੋੜਾ ਪੁੱਤਰ ਕਿਸ਼ਨਲਾਲ ਵਾਸੀ ਨਿਊ ਗਾਂਧੀ ਨਗਰ ਕੋਲ ਬੈਕ ਪੈਦਲ ਗਿਆ ਅਤੇ ਉਸ ਨੂੰ ਲੁੱਟ ਦੀ ਕਹਾਣੀ ਦੱਸੀ ਕਿ ਦੋਮੋਰੀਆ ਪੁਲ ‘ਤੇ ਕੁਝ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਉਸ ਤੋਂ ਪੈਸੇ ਲੁੱਟ ਲਏ ਹਨ। ਮਨੀ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲੀਸ ਨੇ ਜਦੋਂ ਕਹਾਣੀ ਸੁਣੀ ਤਾਂ ਸ਼ੁਰੂ ਵਿੱਚ ਮਾਮਲਾ ਸ਼ੱਕੀ ਜਾਪਿਆ। ਪੁਲਸ ਨੇ ਰਾਕੇਸ਼ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ।
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਪਰ ਜਦੋਂ ਮਾਮਲਾ ਸ਼ੱਕੀ ਹੋਣ ’ਤੇ ਥਾਣਾ ਨੰਬਰ 3 ਦੇ ਇੰਚਾਰਜ ਕਮਲਜੀਤ ਸਿੰਘ ਨੇ ਆਪਣੇ ਆਪ ਨੂੰ ਲੁੱਟ ਦਾ ਸ਼ਿਕਾਰ ਦੱਸਣ ਵਾਲੇ ਰਾਕੇਸ਼ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਲੁੱਟ ਦੀ ਸਾਰੀ ਕਹਾਣੀ ਦੱਸੀ। ਮੁਲਜ਼ਮ ਨੂੰ ਚੋਰੀ ਅਤੇ ਸਾਜ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਸੀਪੀ ਨੇ ਕਿਹਾ ਕਿ 3 ਲੱਖ ਰੁਪਏ ਦੀ ਵਸੂਲੀ ਵੀ ਕੀਤੀ ਜਾਵੇਗੀ। ਮੁਲਜ਼ਮ ਰਾਕੇਸ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮ ਪੇਸ਼ੇਵਰ ਅਪਰਾਧੀ ਹੈ ਜਾਂ ਨਹੀਂ, ਇਸ ਬਾਰੇ ਉਨ੍ਹਾਂ ਕਿਹਾ ਕਿ ਹੁਣ ਜਾਂਚ ਕੀਤੀ ਜਾ ਰਹੀ ਹੈ।