ਫਰੀਦਕੋਟ, 5 ਮਈ 2022 – ਮੰਗਲਵਾਰ ਸ਼ਾਮ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ, ਜਿਸ ‘ਚ ਇਕ ਨੌਜਵਾਨ ਰੇਲਵੇ ਲਾਈਨਾਂ ‘ਤੇ ਬੈਠ ਕੇ ਨੌਜਵਾਨਾਂ ਅਤੇ ਨਾਬਾਲਗ ਬੱਚਿਆਂ ਨੂੰ ਖੁੱਲ੍ਹੇਆਮ ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥ ਵੇਚ ਰਿਹਾ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੀਦਕੋਟ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਕਾਰਵਾਈ ਕਰਦੇ ਹੋਏ 7 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਅਤੇ ਐਨ.ਡੀ.ਪੀ.ਐਸ ਐਕਟ ਦੀਆ ਸਬੰਧਿਤ ਧਾਰਾਵਾ ਤਹਿਤ ਮੁਕਦੱਮਾ ਦਰਜ ਕਰ ਲਿਆ ਗਿਆ।
ਵੀਡੀਓ ਦੇ ਆਧਾਰ ‘ਤੇ ਫਰੀਦਕੋਟ ਸਿਟੀ ਪੁਲਸ ਨੇ ਸ਼ਿਵਮ ਨਿਵਾਸੀ ਸੰਜੇ ਨਗਰ, ਰਵੀ ਨਿਵਾਸੀ ਸੰਜੇ ਨਗਰ, ਦੀਪਕ ਨਿਵਾਸੀ ਸੰਜੇ ਨਗਰ, ਬਲਜੀਤ ਸਿੰਘ ਨਿਵਾਸੀ ਬਲਬੀਰ ਬਸਤੀ, ਹੀਰਾ ਸਿੰਘ ਨਿਵਾਸੀ ਸੰਜੇ ਨਗਰ, ਅੰਮ੍ਰਿਤਪਾਲ ਸਿੰਘ ਨਿਵਾਸੀ ਸੰਜੇ ਨਗਰ ਅਤੇ ਪ੍ਰਦੀਪ ਕੁਮਾਰ ਨਿਵਾਸੀ ਸੰਜੇ ਨਗਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਵਰਗਾ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।
ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਪੁਲੀਸ ਨੇ ਸਖ਼ਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬੀਤੇ ਦਿਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇਹ ਵੀਡੀਓ ਸ਼ੇਅਰ ਕਰਕੇ ਭਗਵੰਤ ਮਾਨ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਇਸ ਦੇ ਨਾਲ ਹੀ ਟਵੀਟ ਕੀਤਾ ਕਿ ਐਸਟੀਐਫ ਰਿਪੋਰਟ ਅਤੇ ਸੁਪਰੀਮ ਕੋਰਟ ਨੇ ਕਈ ਮੌਕਿਆਂ ‘ਤੇ ਦੇਖਿਆ ਹੈ ਕਿ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਵਿਚਕਾਰ ਗਠਜੋੜ ਹੈ। ਇਹ ਅਜੇ ਟੁੱਟਿਆ ਨਹੀਂ ਹੈ। ਸਿਆਸਤਦਾਨ ਗੈਰ-ਹਾਜ਼ਰ ਰਹਿਣਗੇ ਅਤੇ ਪ੍ਰਭਾਵ ਦਿਖਾਈ ਦੇ ਰਿਹਾ ਹੈ। ਸਿੱਧੂ ਨੇ ਵੀਡੀਓ ਦੀ ਲੋਕੇਸ਼ਨ ਫਰੀਦਕੋਟ ਦੱਸਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਸੀ।