VC ਦੇ ਅਪਮਾਨ ‘ਤੇ ਪੰਜਾਬ ‘ਚ ਸਿਆਸੀ ਹੰਗਾਮਾ, ਵਿਰੋਧੀਆਂ ਨੇ ਕਿਹਾ ਸਿਹਤ ਮੰਤਰੀ ‘ਤੇ CM ਕਰੇ ਕਾਰਵਾਈ

ਚੰਡੀਗੜ੍ਹ, 30 ਜੁਲਾਈ 2022 – ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬੀਤੇ ਦਿਨ ਦੀ ਕੀਤੀ ਕਾਰਵਾਈ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਮੰਤਰੀ ਨੇ ਬੀਤੇ ਦਿਨ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੂੰ ਗੰਦੇ ਬੈਡ ‘ਤੇ ਲੇਟਣ ਦਾ ਹੁਕਮ ਦਿੱਤਾ ਸੀ | ਜਿਸ ਤੋਂ ਬਾਅਦ ਵਿਰੋਧੀ ਸਿਆਸੀ ਹੰਗਾਮਾਂ ਕਰ ਰਹੇ ਹਨ। ਕਾਂਗਰਸ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ 12ਵੀਂ ਪਾਸ ਮੰਤਰੀ ਨੇ ਚੋਣ ਪ੍ਰਚਾਰ ਲਈ ਵਾਈਸ ਚਾਂਸਲਰ (ਵੀਸੀ) ਦਾ ਜਨਤਕ ਤੌਰ ‘ਤੇ ਅਪਮਾਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੋਂ ਇਲਾਵਾ ਅਕਾਲੀ ਦਲ ਨੇ ਵੀ ਇਤਰਾਜ਼ ਉਠਾਉਂਦਿਆਂ ਮੰਤਰੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

ਸਾਬਕਾ ਅਕਾਲੀ ਮੰਤਰੀ ਡਾ: ਦਲਜੀਤ ਚੀਮਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ: ਰਾਜ ਬਹਾਦਰ ਅੰਤਰਰਾਸ਼ਟਰੀ ਸ਼ਖ਼ਸੀਅਤ ਹਨ | ਉਨ੍ਹਾਂ ਨਾਲ ਦੁਰਵਿਵਹਾਰ ਨਿੰਦਣਯੋਗ ਹੈ। ਜਦੋਂ ਉਹ ਸਿੱਖਿਆ ਮੰਤਰੀ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਗਏ ਸਨ ਤਾਂ ਉਨ੍ਹਾਂ ਨੇ ਡਾ: ਰਾਜ ਬਹਾਦਰ ਨੂੰ ਆਪਣੀ ਕੁਰਸੀ ‘ਤੇ ਬਿਠਾਇਆ ਸੀ। ਉਹ ਬਹੁਤ ਹੀ ਸਤਿਕਾਰਤ ਸ਼ਖਸੀਅਤ ਹਨ।

ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਡਾ: ਰਾਜ ਬਹਾਦਰ ਦਾ ਅਪਮਾਨ ਕਰਨਾ ਨਿੰਦਣਯੋਗ ਹੈ | ਡਾਕਟਰਾਂ ਅਤੇ ਅਫਸਰਾਂ ਨੂੰ ਕੰਮ ਕਹਿਣ ਦਾ ਤਰੀਕਾ ਹੁੰਦਾ ਹੈ। ਇਹ ਸਭ ਕਰ ਕੇ ਸਿਹਤ ਮੰਤਰੀ ਜੌੜਾ ਮਾਜਰਾ ਨੇ ਆਪਣੀ ਛੋਟੀ ਸੋਚ ਅਤੇ ਅਨਪੜ੍ਹਤਾ ਦਾ ਸਬੂਤ ਦਿੱਤਾ ਹੈ। ਮੰਤਰੀ ਨੂੰ ਆਪਣੇ ਕੀਤੇ ਲਈ ਤੁਰੰਤ ਜਨਤਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ।

ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਡਾਕਟਰ ਰਾਜ ਬਹਾਦਰ ਨਾਲ ਕੀਤਾ ਗਿਆ ਸਲੂਕ ਸ਼ਰਮਨਾਕ ਅਤੇ ਨਾ ਮੰਨਣਯੋਗ ਹੈ। ਸਿਹਤ ਢਾਂਚੇ ਦਾ ਸੁਧਾਰ ਫੰਡਾਂ ਨਾਲ ਹੋਵੇਗਾ, ਅਜਿਹੇ ਵਿਹਾਰ ਨਾਲ ਨਹੀਂ। ਉਸਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਆਪਣੇ ਮੰਤਰੀ ਨੂੰ ਸਮੁੱਚੇ ਡਾਕਟਰੀ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਹਿਣ।

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਸਿਹਤ ਮੰਤਰੀ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਸਰਕਾਰ ਨੂੰ ਵਾਈਸ ਚਾਂਸਲਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਅਸਤੀਫਾ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਵਿੱਚ ਸਿਹਤ ਸਹੂਲਤ ਖਤਰੇ ਵਿੱਚ ਪੈ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਚੋਰ ਬੇਖੌਫ, ਇੱਕੋ ਰਾਤ ‘ਚ 3 ਵਾਰਦਾਤਾਂ

ਲੁਧਿਆਣਾ ਇੰਪਰੂਵਮੈਂਟ ਟਰੱਸਟ ‘ਚ ਘਪਲਾ ਮਾਮਲਾ: ਸਾਬਕਾ ਚੇਅਰਮੈਨ ਖਿਲਾਫ ਲੁੱਕਆਊਟ ਨੋਟਿਸ ਜਾਰੀ