- “ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ”
ਬਲਾਚੌਰ 31 ਮਈ ,2024 – ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ-ਕਮ-ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਅਤੇ ਐੱਸ.ਡੀ ਐੱਮ. ਬਲਾਚੌਰ ਕਮ ਚੋਣ ਅਫ਼ਸਰ ਰਵਿੰਦਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਬਲਾਚੌਰ ਹਲਕੇ ਦੇ 197 ਪੋਲਿੰਗ ਬੂਥਾਂ ‘ਤੇ ਵੋਟਾਂ ਪੋਲ ਕਰਵਾਉਣ ਲਈ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ।
ਜਾਣਕਾਰੀ ਦਿੰਦਿਆਂ ਐੱਸ.ਡੀ. ਐੱਮ ਬਲਾਚੌਰ ਕਮ ਚੋਣ ਅਫ਼ਸਰ ਸ੍ਰੀ ਰਵਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਬਲਾਚੌਰ ਹਲਕੇ ਦੇ 154454 ਵੋਟਰਾਂ ਦੀ ਵੋਟ ਪੋਲ ਕਰਵਾਉਣ ਲਈ 197 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 4 ਪਿੰਕ ਬੂਥ, ਬਹਾਦਰੀ ਅਤੇ ਵੀਰਤਾ ਨੂੰ ਸਮਰਪਿਤ 2 ਬੂਥ ਅਤੇ 10 ਮਾਡਲ ਬੂਥ ਤਿਆਰ ਕੀਤੇ ਗਏ ਹਨ।
ਇਹਨਾਂ ਵਿੱਚ 59 ਸੰਵੇਦਨਸ਼ੀਲ ਬੂਥ ਵੀ ਸ਼ਾਮਲ ਹਨ। ਚੋਣਾਂ ਨੂੰ ਆਜ਼ਾਦ ਅਤੇ ਨਿਰਪੱਖ ਬਣਾਉਣ ਲਈ ਵੱਖ-ਵੱਖ ਪੋਲਿੰਗ ਬੂਥਾਂ ਤੇ 37 ਮਾਈਕ੍ਰੋ ਅਬਜ਼ਰਵਰ ਵੀ ਤੈਨਾਤ ਕੀਤੇ ਗਏ ਹਨ। ਇਸ ਮੌਕੇ ਉਹਨਾਂ ਚੋਣ ਅਮਲੇ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ ਅਤੇ ਇਸ ਇਲੈਕਸ਼ਨ ਨੂੰ ‘ਗਰੀਨ ਇਲੈਕਸ਼ਨ’ ਕਰਵਾਉਣ ਲਈ ਚੋਣ ਕਮਿਸ਼ਨ ਵਲੋਂ ਜ਼ਾਰੀ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਚੋਣ ਸਮੱਗਰੀ ਦੀ ਵੰਡ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਚੋਣ ਅਮਲੇ ਨਾਲ ਚੋਣ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਅਤੇ ਸ਼ੁੱਭ-ਕਾਮਨਾਵਾਂ ਦੇ ਕੇ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ।ਚੋਣਾਂ ਦੇ ਮੱਦੇ ਨਜ਼ਰ ਸੁਰੱਖਿਆ ਪ੍ਰਬੰਧਾ ਨੂੰ ਮਜਬੂਤ ਕਰਦਿਆਂ ਐਸ ਆਈ ਸਤਨਾਮ ਸਿੰਘ ਦੀ ਡੌਗ ਸਕਾਉਂਡ ਟੀਮ ਵਲੋਂ ਨਾਜੁਕ ਅਤੇ ਸ਼ੱਕੀ ਥਾਵਾਂ ਦੀ ਜਾਂਚ ਪੜਤਾਲ ਕੀਤੀ ਗਈ।
ਇਸ ਮੌਕੇ ਰਾਜੀਵ ਕੁਮਾਰ ਵਰਮਾ ਏ.ਡੀ.ਸੀ. ਨਵਾਂਸ਼ਹਿਰ, ਵਿਕਾਸ ਸ਼ਰਮਾ ਤਹਿਸੀਲਦਾਰ ਬਲਾਚੌਰ, ਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਜਸਵੀਰ ਕੌਰ ਬੀ.ਡੀ.ਪੀ.ਓ. ਬਲਾਚੌਰ, ਹਰਵਿੰਦਰ ਸਿੰਘ ਸੁਪਰਡੈਂਟ, ਅਮਨਦੀਪ ਸਿੰਘ ਸੀ.ਐੱਚ.ਟੀ., ਪ੍ਰਿੰਸੀਪਲ ਚੰਦਰੇਸ਼ ਸ਼ੌਰੀ, ਪ੍ਰਿੰਸੀਪਲ ਜਸਜੀਤ ਸਿੰਘ, ਮਾ: ਨਾਗੇਸ਼ ਕੁਮਾਰ, ਮਾ: ਅਨਿਲ ਰਾਣਾ, ਡਾ: ਸੁਖਜੀਤ ਸਿੰਘ, ਡਾ: ਲਲਿਤਾ ਰਾਣੀ, ਸੁਨੀਤਾ ਰਾਣੀ ਹੈੱਡਮਿਸਟ੍ਰੈੱਸ, ਗੁਰਜੰਟ ਸਿੰਘ, ਕਮਲਜੀਤ ਸਿੰਘ, ਧੀਰਜ ਕੁਮਾਰ, ਜਸਵਿੰਦਰ ਸਿੰਘ ਸਟੈਨੋ, ਸੁਖਵਿੰਦਰ ਸਿੰਘ, ਵਿਕਾਸ ਰਾਣਾ, ਸੰਦੀਪ ਦੱਤਾ, ਵਰੁਣ ਬਿਗ, ਵਿਜੈ ਕੁਮਾਰ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ।