ਬਹੁਤ ਜਲਦ ਖਤਮ ਹੋਵੇਗਾ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਬੰਦ ਪਏ ਯੂਨਿਟਾਂ ਨੂੰ ਕੀਤਾ ਜਾ ਰਿਹਾ ਚਾਲੂ : ਬਿਜਲੀ ਮੰਤਰੀ

  • ਕੋਲੇ ਦੀ ਸਪਲਾਈ ਲਈ ਪੰਜਾਬ ਸਰਕਾਰ ਨੂੰ ਝਾਰਖੰਡ ਵਿੱਚ ਮਿਲੀ ਕੋਲ ਮਾਈਨ : ਬਿਜਲੀ ਮੰਤਰੀ
  • ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਬਣਾਂਵਾਲੀ ਥਰਮਲ ਪਲਾਂਟ ਦਾ ਦੌਰਾ

ਬਣਾਂਵਾਲੀ (ਮਾਨਸਾ), 1 ਮਈ 2022 – ਪੰਜਾਬ ਸਰਕਾਰ ਸੂਬੇ ਵਿਚ ਨਿਰਵਿਘਨ ਬਿਜਲੀ ਸਪਲਾਈ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਬਹੁਤ ਜਲਦੀ ਹਰ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਪ੍ਰਗਟਾਵਾ ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਬਣਾਂਵਾਲੀ ਥਰਮਲ ਪਲਾਂਟ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਹਤ ਮੰਤਰੀ ਸ੍ਰੀ ਵਿਜੇ ਸਿੰਗਲਾ, ਵਿਧਾਇਕ ਸਰਦੂਲਗੜ ਸ. ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਬੁਢਲਾਡਾ ਸ੍ਰੀ ਬੁੱਧ ਰਾਮ, ਚੇਅਰਮੈਨ ਪਾਵਰਕਾਮ ਸ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਜਨਰੇਸ਼ਨ ਇੰਜੀਨੀਅਰ ਪਰਮਜੀਤ ਸਿੰਘ, ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਐੱਸ.ਐੱਸ.ਪੀ. ਸ੍ਰੀ ਗੁਰਪ੍ਰੀਤ ਤੂਰਾ, ਐੱਸ.ਡੀ.ਐੱਮ. ਮਾਨਸਾ ਸ੍ਰੀ ਹਰਜਿੰਦਰ ਜੱਸਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ 40 ਫੀਸਦੀ ਬਿਜਲੀ ਦੀ ਮੰਗ ਵੱਧ ਗਈ ਹੈ ਅਤੇ ਕੁਝ ਬਿਜਲੀ ਤਾਪ ਘਰਾਂ ਵਿੱਚ ਤਕਨੀਕੀ ਕਾਰਨਾਂ ਕਰਕੇ ਕੁਝ ਯੂਨਿਟ ਬੰਦ ਹੋ ਗਏ ਸਨ, ਜਿਸ ਕਾਰਨ ਬਿਜਲੀ ਸਪਲਾਈ ਕੁਝ ਹੱਦ ਤੱਕ ਪ੍ਰਭਾਵਤ ਹੋਈ ਸੀ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ਦੇ ਕੁਝ ਯੂਨਿਟਾਂ ਨੂੰ ਹੁਣ ਠੀਕ ਕਰ ਲਿਆ ਗਿਆ ਹੈ ਜਦਕਿ ਬਾਕੀ ਦੇ ਯੂਨਿਟ ਵੀ ਜਲਦੀ ਹੀ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਰੋਪੜ ਥਰਪਲ ਪਲਾਂਟ ਦਾ ਵੀ ਇੱਕ ਯੂਨਿਟ ਬੰਦ ਸੀ ਉਸ ਨੂੰ ਅੱਜ ਚਾਲੂ ਕਰ ਲਿਆ ਗਿਆ ਹੈ।

ਬਣਾਂਵਾਲੀ ਥਰਮਲ ਪਲਾਂਟ ਦੇ ਸੈਂਟਰਲ ਕੰਟਰੋਲ ਰੂਮ ਦਾ ਜਾਇਜਾ ਲੈਣ ਉਪਰੰਤ ਬਿਜਲੀ ਮੰਤਰੀ ਨੇ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲੀ ਵਿਖੇ 1980 ਮੈਗਾਵਾਟ ਪੈਦਾਵਾਰ ਦੇ ਤਿੰਨ ਯੂਨਿਟਸ ਹਨ ਅਤੇ ਇੱਕ ਯੂਨਿਟ 660 ਮੈਗਾਵਾਟ ਬਿਜਲੀ ਉਤਪਾਦਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 660 ਮੈਗਾਵਾਟ ਦਾ ਇੱਕ ਯੁਨਿਟ ਮੈਨਟੇਨਨੈਂਸ ਕਾਰਨ ਬੰਦ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਦੇ ਦਿੱਤੀ ਗਈ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹ ਤੀਸਰਾ ਯੂਨਿਟ ਵੀ ਚਾਲੂ ਕੀਤਾ ਜਾਵੇ ਤਾਂ ਜੋ ਇਸ ਥਰਮਲ ਪਲਾਂਟ ਤੋਂ ਪੂਰਾ ਬਿਜਲੀ ਉਤਪਾਦਨ ਕੀਤਾ ਜਾ ਸਕੇ। ਉਨ੍ਹਾਂ ਥਰਮਲ ਵਾਲਿਆਂ ਨੂੰ ਤਜਵੀਜ ਦਿੱਤੀ ਕਿ ਜੇਕਰ ਸੰਭਵ ਹੋ ਸਕੇ ਤਾਂ ਸੀਵਰੇਜ ਟ੍ਰੀਟਮੈਂਟ ਪਲਾਂਟਾ ਦਾ ਸੋਧਿਆ ਹੋਇਆ ਪਾਣੀ ਵਰਤੋ ਵਿੱਚ ਲਿਆਂਦਾ ਜਾਵੇ।

ਬਿਜਲੀ ਮੰਤਰੀ ਨੇ ਕਿਹਾ ਕਿ ਥਰਮਲ ਪਲਾਂਟਾਂ ਲਈ ਕੋਲੇ ਦੀ ਕੋਈ ਘਾਟ ਨਾ ਆਵੇ ਇਸ ਲਈ ਵੀ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਲੇ ਦੀ ਸਪਲਾਈ ਲਈ ਪੰਜਾਬ ਸਰਕਾਰ ਨੇ ਕੇਂਦਰੀ ਕੋਲਾ ਮੰਤਰੀ ਨਾਲ ਮੀਟਿੰਗ ਵੀ ਕੀਤੀ ਸੀ ਅਤੇ ਪੰਜਾਬ ਸਰਕਾਰ ਨੂੰ ਝਾਰਖੰਡ ਵਿੱਚ ਪਿਛਵਾਰਾ ਕੋਲ ਮਾਈਨ ਵੀ ਮਿਲ ਗਈ ਹੈ ਜਿਸ ਨੂੰ ਜਲਦੀ ਹੀ ਚਾਲੂ ਕਰਕੇ ਪੰਜਾਬ ਨੂੰ ਕੋਲਾ ਸਪਲਾਈ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਿਜਲੀ ਕਿੱਲਤ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਵਿਜੇ ਸਿੰਗਲਾ ਨੇ ਕਿਹਾ ਕਿ ਭਾਂਵੇ ਕੁਝ ਤਕਨੀਕੀ ਕਾਰਨਾਂ ਕਰਕੇ ਬਿਜਲੀ ਸਪਲਾਈ ਵਿੱਚ ਕੁਝ ਕਮੀਂ ਆਈ ਸੀ ਪਰ ਪੰਜਾਬ ਸਰਕਾਰ ਨੇ ਪੂਰੀ ਸੁਹਿਰਦਤਾ ਨਾਲ ਇਸ ਮਸਲੇ ਨੂੰ ਲਗਭਗ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਬਿਜਲੀ ਕੱਟਾਂ ਦੌਰਾਨ ਬੈਕਅਪ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਬਿਜਲੀ ਕੱਟਾਂ ਦਾ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾ ਰਿਹਾ।

ਇਸ ਤੋਂ ਪਹਿਲਾਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਵਿਜੇ ਸਿੰਗਲਾ ਨੇ ਬਣਾਂਵਾਲੀ ਥਰਮਲ ਪਲਾਂਟ ਵਿੱਚ ਪੌਦੇ ਵੀ ਲਗਾਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਜਾਸਾਂਸੀ: ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ 10 ਕਿੱਲੇ ਦੇ ਕਰੀਬ ਹੋਰ ਪੰਚਾਇਤੀ ਜ਼ਮੀਨ ਕਰਵਾਈ ਕਬਜ਼ਾ ਮੁਕਤ

ਪਟਿਆਲਾ ‘ਚ ਹੋਈ ਹਿੰਸਾ ਸਰਕਾਰ ਦੇ ਪ੍ਰਸ਼ਾਸਨਕ ਨਖਿੱਧਪੁਣੇ, ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਅਤੇ ਮੌਕਾਪ੍ਰਸਤੀ ਦਾ ਨਤੀਜਾ : ਸੁਖਬੀਰ