ਚੰਡੀਗੜ੍ਹ, 29 ਅਪ੍ਰੈਲ 2022 – ਪੰਜਾਬ ਵਿੱਚ ਬਿਜਲੀ ਸੰਕਟ ਵਧ ਗਿਆ ਹੈ। ਕਰੀਬ 46 ਡਿਗਰੀ ਤਾਪਮਾਨ ਦੇ ਬਾਵਜੂਦ 12 ਘੰਟੇ ਤੱਕ ਕੱਟ ਲੱਗ ਰਹੇ ਹਨ। ਸੜਕ ਤੋਂ ਖੇਤ ਤੱਕ ਬਿਜਲੀ ਦਾ ਕੱਟ ਲੱਗਿਆ ਹੋਇਆ ਹੈ। ਸ਼ਹਿਰਾਂ ਵਿੱਚ 4 ਤੋਂ 5 ਅਤੇ ਪਿੰਡਾਂ ਵਿੱਚ 10 ਤੋਂ 12 ਘੰਟੇ ਕੱਟ ਲੱਗ ਰਹੇ ਹਨ। ਹੁਣ ‘ਆਪ’ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਚੰਨੀ (ਕਾਂਗਰਸ) ਸਰਕਾਰ ਨੇ ਇਸ ਸੀਜ਼ਨ ਲਈ ਕੋਈ ਪ੍ਰਬੰਧ ਨਹੀਂ ਕੀਤੇ। ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ 40% ਵਧੀ ਹੈ। ਅਜਿਹੇ ‘ਚ 24 ਘੰਟੇ ਬਿਜਲੀ ਲਈ ਯਤਨ ਕੀਤੇ ਜਾ ਰਹੇ ਹਨ।
ਪੰਜਾਬ ਵਿੱਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਹੈ। 5 ਥਰਮਲ ਪਲਾਂਟਾਂ ਦੇ 4 ਯੂਨਿਟ ਫ਼ੇਲ੍ਹ ਹੋਣ ਕਾਰਨ ਸੰਕਟ ਹੋਰ ਡੂੰਘਾ ਹੋ ਗਿਆ ਹੈ। ਮੰਗ ਅਤੇ ਸਪਲਾਈ ਵਿੱਚ ਕਰੀਬ 1200 ਮੈਗਾਵਾਟ ਦਾ ਅੰਤਰ ਹੈ। 4 ਸਾਲਾਂ ‘ਚ ਇਹ ਪਹਿਲੀ ਵਾਰ ਹੈ ਜਦੋਂ ਇਨ੍ਹੀਂ ਦਿਨੀਂ ਇੰਨੀ ਜ਼ਿਆਦਾ ਮੰਗ ਆਈ ਹੈ। ਉਧਰ, ਬਿਜਲੀ ਮੰਤਰੀ ਨੇ ਕਿਹਾ ਕਿ 26 ਅਪ੍ਰੈਲ ਨੂੰ ਤਕਨੀਕੀ ਖ਼ਰਾਬੀ ਕਾਰਨ 800 ਮੈਗਾਵਾਟ ਦੇ ਤਲਵੰਡੀ ਅਤੇ ਰੋਪੜ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਸਨ। ਜਿਸ ਕਾਰਨ ਸੂਬੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਿਜਲੀ ਦੀ ਮੰਗ 40 ਫੀਸਦੀ ਵਧੀ ਹੈ। ਇਹ ਸੰਕਟ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਹੈ। ਸੀਐਮ ਭਗਵੰਤ ਮਾਨ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। 75 ਸਾਲਾਂ ਤੋਂ ਪੰਜਾਬ ਵਿੱਚ ਪੁਰਾਣੀਆਂ ਸਰਕਾਰਾਂ ਨੇ ਬਿਜਲੀ ਪ੍ਰਣਾਲੀ ਅਤੇ ਥਰਮਲ ਪਲਾਂਟਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਉਨ੍ਹਾਂ ਦੇ ਸਿਸਟਮ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ।