ਗੁਰਦਾਸਪੁਰ 8 ਜਨਵਰੀ 2023 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿਛਲੇ ਲਗਭਗ ਇੱਕ ਮਹੀਨੇ ਤੋਂ ਸਰਕਾਰੀ ਅਤੇ ਗੈਰ ਸਰਕਾਰੀ ਖਪਤਕਾਰਾਂ ਵੱਲ ਬਕਾਇਆ ਖੜੀ ਬਿਜਲੀ ਦੇ ਬਿੱਲਾਂ ਨੂੰ ਵਸੂਲੀ ਵਾਸਤੇ ਹਲਕਾ ਗੁਰਦਾਸਪੁਰ ਅਧੀਨ ਪੈਂਦੀਆਂ ਸਬ ਡਵੀਜਨਾਂ ਦੇ ਸਟਾਫ ਵੱਲੋਂ ਮੁਹਿੰਮ ਆਰੰਭੀ ਹੋਈ ਹੈ। ਇਸ ਸਬੰਧੀ ਸੰਚਾਲਨ ਹਲਕਾ ਗੁਰਦਾਸਪੁਰ ਦੇ ਨਿਗਰਾਨ ਇੰਜੀਨੀਅਰ ਇਜੀ: ਜਸਵਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲੇ ਖਪਤਕਾਰਾਂ ਦੇ ਕੁਨੈਕਸ਼ਨ ਵੀ ਕਾਫੀ ਗਿਣਤੀ ਵਿੱਚ ਕੱਟੇ ਜਾ ਰਹੇ ਹਨ।
ਸਰਕਾਰੀ ਅਦਾਰਿਆਂ ਵੱਲ ਖੜੀ ਬਿਜਲੀ ਦੇ ਬਕਾਇਆ ਬਿਲਾਂ ਦੀ ਉਗਰਾਹੀ ਵਾਸਤੇ ਵਾਸਤੇ ਵੀ ਇਹਨਾਂ ਅਦਾਰਿਆਂ ਨੂੰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਵਾਸਤੇ ਲੋੜੀਂਦੇ ਨੋਟਿਸ ਭੇਜੇ ਗਏ ਹਨ। ਸਰਕਾਰੀ ਅਦਾਰਿਆਂ ਵਿਰੁੱਧ ਆਰੰਭੀ ਗਈ ਇਸ ਕਾਰਵਾਈ ਸਦਕਾ ਪਿਛਲੇ ਲਗਭਗ ਇੱਕ ਹਫ਼ਤੇ ਦੌਰਾਨ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਸੰਚਾਲਨ ਮੰਡਲਾਂ ਨਾਲ ਸਬੰਧਤ ਵੱਖ ਵੱਖ ਸਰਕਾਰੀ ਅਦਾਰਿਆਂ ਤੋਂ ਲਗਭਗ 12.69 ਕਰੋੜ ਰੁਪਏ ਦੀ ਉਗਰਾਹੀ ਕੀਤੀ ਗਈ।
ਇਸ ਤਹਿਤ ਸੰਚਾਲਨ ਮੰਡਲ ਸ਼ਹਿਰੀ ਬਟਾਲਾ ਵਲੋਂ 69 ਲੱਖ ਰੁਪਏ ਦੀ, ਸੰਚਾਲਨ ਮੰਡਲ ਸਬ ਅਰਬਨ ਬਟਾਲਾ ਵਲੋਂ 09 ਲੱਖ ਰੁਪਏ ਦੀ, ਸੰਚਾਲਨ ਮੰਡਲ ਧਾਰੀਵਾਲ ਵਲੋਂ 15 ਲੱਖ ਰੁਪਏ ਦੀ, ਸੰਚਾਲਨ ਮੰਡਲ ਗੁਰਦਾਸਪੁਰ ਵਲੋਂ 3.35 ਕਰੋੜ ਰੁਪਏ ਦੀ, ਸੰਚਾਲਨ ਮੰਡਲ ਸ਼ਹਿਰੀ ਪਠਾਨਕੋਟ ਵਲੋਂ 11.78 ਕਰੋੜ ਦੀ , ਸੰਚਾਲਨ ਮੰਡਲ ਸਬ ਅਰਬਨ ਪਠਾਨਕੋਟ ਵਲੋਂ 12 ਲੱਖ ਰੁਪਏ ਦੀ ਅਤੇ ਸੰਚਾਲਨ ਮੰਡਲ ਕਾਦੀਆਂ ਵਲੋਂ 29 ਲੱਖ ਰੁਪਏ ਦੀ ਸਰਕਾਰੀ ਅਦਾਰਿਆਂ ਤੋਂ ਬਿਜਲੀ ਦੇ ਬਿੱਲਾਂ ਦੀ ਉਗਰਾਹੀ ਕੀਤੀ ਗਈ ਅਤੇ ਪਾਵਰਕਾਮ ਦੇ ਮਾਲੀਏ ਵਿਚ ਵਾਧਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਸੂਲ ਕੀਤੀ ਰਕਮ ਵਿਚ ਵਿੱਚ ਜ਼ਿਆਦਾਤਰ ਸਥਾਨਕ ਸਰਕਾਰਾਂ ਨਾਲ ਸਬੰਧਤ ਅਦਾਰਿਆਂ ਦੇ ਬਿਜਲੀ ਕੁਨੈਕਸ਼ਨ ਸ਼ਾਮਲ ਹਨ । ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਤੋਂ ਬਿਜਲੀ ਦੇ ਬਕਾਇਆ ਬਿਲਾਂ ਦੀ ਵਸੂਲੀ ਸਬੰਧੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ।