ਗੁਰਦਾਸਪੁਰ, 7 ਮਈ 2025 -ਬੀਤੀ ਰਾਤ ਲਗਭਗ 1.30 ਵਜੇ ਗੁਰਦਾਸਪੁਰ-ਤਿੱਬੜੀ ਰੋਡ ’ਤੇ ਪਿੰਡ ਪੰਧੇਰ ਨੇੜੇ ਅਸਮਾਨ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਪੂਰਾ ਇਲਾਕਾ ਕੰਬ ਗਿਆ। ਬੇਸ਼ੱਕ ਲੋਕਾਂ ਵਿਚ ਡਰ ਦਾ ਮਾਹੌਲ ਜ਼ਰੂਰ ਹੈ ਪਰ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਸ ਮੁਖੀ ਆਦਿੱਤਿਆ ਪੁਲਸ ਅਧਿਕਾਰੀਆਂ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨਾਲ ਮੌਕੇ ’ਤੇ ਪਹੁੰਚ ਗਏ, ਜਦਕਿ ਬਾਅਦ ਵਿਚ ਫੌਜ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਬੰਬ ਦੇ ਟੁਕੜਿਆਂ ਦੀ ਜਾਂਚ ਕੀਤੀ ਗਈ।
ਅਸਮਾਨ ਵਿਚ ਫੱਟਣ ਵਾਲੇ ਬੰਬ ਦੇ ਟੁਕੜੇ ਲਗਭਗ ਦੋ ਏਕੜ ਜ਼ਮੀਨ ਵਿਚ ਖਿੱਲਰੇ ਹੋਏ ਸਨ ਅਤੇ ਪੁਲਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ। ਫਿਲਹਾਲ ਕੋਈ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਹ ਪਤਾ ਨਹੀਂ ਹੈ ਕਿ ਇਹ ਬੰਬ ਕਿਵੇਂ ਫਟਿਆ, ਕਿੱਥੋਂ ਆਇਆ ਅਤੇ ਕਿਸ ਨੇ ਸੁੱਟਿਆ। ਲੋਕਾਂ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਰਾਤ ਨੂੰ ਲਗਭਗ 1.30 ਵਜੇ ਹੋਇਆ ਤਾਂ ਅਸਮਾਨ ਵਿਚ ਕਿਸੇ ਵੀ ਜਹਾਜ਼ ਆਦਿ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਲੋਕ ਰਾਤ ਭਰ ਡਰੇ ਰਹੇ ਅਤੇ ਸਵੇਰੇ ਪਤਾ ਲੱਗਾ ਕਿ ਖੇਤਾਂ ਵਿਚ ਬੰਬ ਦੇ ਟੁਕੜੇ ਖਿਲਰੇ ਹੋਏ ਸਨ।

