ਪਟਿਆਲਾ, 24 ਅਪ੍ਰੈਲ 2023 – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਆਮ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਉਦਯੋਗਿਕ ਪ੍ਰਦੂਸ਼ਣ ਅਤੇ ਗ਼ੈਰ-ਵਿਗਿਆਨਕ ਰਹਿੰਦ-ਖੂੰਹਦ ਦੇ ਨਿਪਟਾਰੇ ਨਾਲ ਸਬੰਧਤ ਮਾਮਲਿਆਂ ‘ਤੇ ਹਮੇਸ਼ਾ ਚੌਕਸ ਰਹਿੰਦਾ ਹੈ।ਅਜਿਹੇ ਹੀ ਇੱਕ ਮਾਮਲੇ ਸਬੰਧੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਾਪਤ ਇੱਕ ਸ਼ਿਕਾਇਤ ਉਪਰ ਤੁਰੰਤ ਕਾਰਵਾਈ ਕਰਦਿਆਂ ਇੱਕ ਕਬਾੜੀਏ ਵਿਰੁੱਧ ਪੁਲਿਸ ਕੇਸ ਦਰਜ ਕਰਵਾਇਆ ਹੈ।
ਇਹ ਜਾਣਕਾਰੀ ਦਿੰਦਆਂ ਪੀਪੀਸੀਬੀ ਦੇ ਕਾਰਜਕਾਰੀ ਇੰਜੀਨੀਅਰ ਰੋਹਿਤ ਸਿੰਗਲਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੂੰ ਮਿਤੀ 22 ਅਪ੍ਰੈਲ 2023 ਨੂੰ ਨਿਊ ਜਗਦੀਸ਼ ਕਲੋਨੀ, ਪਟਿਆਲਾ ਵਿਖੇ ਇੱਕ ਕਬਾੜੀਏ ਵੱਲੋਂ ਬਾਇਓਮੈਡੀਕਲ ਵੇਸਟ ਨੂੰ ਗੈਰ-ਕਾਨੂੰਨੀ ਤੌਰ ‘ਤੇ ਇਕੱਠਾ ਕਰਨ, ਸਟੋਰ ਕਰਨ ਅਤੇ ਨਿਪਟਾਰੇ ਸਬੰਧੀ ਟੈਲੀਫੋਨ ‘ਤੇ ਸ਼ਿਕਾਇਤ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ, ਪੀਪੀਸੀਬੀ ਨੇ ਤੁਰੰਤ ਕਾਰਵਾਈ ਕਰਦਿਆਂ ਉਸੇ ਸਮੇਂ ਅਧਿਕਾਰੀਆਂ ਨੇ ਉਕਤ ਸਾਈਟ ਦਾ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਦੇਖਿਆ ਗਿਆ ਕਿ ਮਹਿੰਦਰ ਕੁਮਾਰ ਪੁੱਤਰ ਰਮੇਸ਼ ਨਾਂ ਦਾ ਕਬਾੜੀਵਾਲਾ ਬਾਇਓਮੈਡੀਕਲ ਵੇਸਟ ਇਕੱਠਾ ਕਰਕੇ ਨਿਊ ਜਗਦੀਸ਼ ਕਲੋਨੀ, ਪਟਿਆਲਾ ਵਿਖੇ ਸ਼ੈੱਡ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਸਟੋਰ ਕਰ ਰਿਹਾ ਸੀ, ਜਿਸ ਦਾ ਉਹ ਗੈਰ-ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕਰ ਰਿਹਾ ਹੈ। ਇਹ ਗਤੀਵਿਧੀ ਨਾ ਸਿਰਫ਼ ਕਾਨੂੰਨ ਦੇ ਉਪਬੰਧਾਂ ਦੀ ਉਲੰਘਣਾ ਕਰਦੀ ਹੈ, ਸਗੋਂ ਆਮ ਲੋਕਾਂ ਲਈ ਸਿਹਤ ਲਈ ਵੱਡੇ ਖ਼ਤਰੇ ਦਾ ਕਾਰਨ ਵੀ ਹੋ ਸਕਦੀ ਹੈ।
ਇੰਜੀਨੀਅਰ ਸਿੰਗਲਾ ਨੇ ਦੱਸਿਆ ਕਿ ਬੋਰਡ ਦੀ ਟੀਮ ਨੇ ਕਬਾੜੀਏ ਦੀ ਇਮਾਰਤ/ਸ਼ੈੱਡ ਨੂੰ ਸੀਲ ਕਰ ਦਿੱਤਾ ਅਤੇ ਉਸ ਵਿਰੁੱਧ ਥਾਣਾ ਕੋਤਵਾਲੀ ਪਟਿਆਲਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀਪੀਸੀਬੀ ਵੱਲੋਂ ਮਾਮਲੇ ਦੀ ਅਗਲੇਰੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।