ਚੰਡੀਗੜ੍ਹ, 11 ਅਗਸਤ 2022 – ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਇੱਕ ਹੋਰ ਮਾਮਲਾ ਦਰਜ ਕਰਨ ਦੀ ਤਿਆਰੀ ਚੱਲ ਰਹੀ ਹੈ। ਧਰਮਸੋਤ ‘ਤੇ ਚੋਣ ਹਲਫਨਾਮੇ ‘ਚ ਜਾਇਦਾਦ ਦੀ ਪੂਰੀ ਜਾਣਕਾਰੀ ਨਾ ਦੇਣ ਦਾ ਦੋਸ਼ ਹੈ। ਜਿਸ ਦਾ ਖੁਲਾਸਾ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਹੋਇਆ ਹੈ। ਧਰਮਸੋਤ ਜੰਗਲ ਘੁਟਾਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹੈ। ਧਰਮਸੋਤ ਨੇ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਤਾਂ ਜੋ ਧਰਮਸੋਤ ਹਾਲੇ ਜੇਲ੍ਹ ਤੋਂ ਬਾਹਰ ਨਾ ਆ ਸਕੇ।
ਜੰਗਲ ਘੁਟਾਲੇ ਦੀ ਜਾਂਚ ਵਿੱਚ ਵਿਜੀਲੈਂਸ ਨੇ ਧਰਮਸੋਤ ਦੀ ਜਾਇਦਾਦ ਦੀ ਤਲਾਸ਼ੀ ਲਈ। ਜਿਸ ਵਿਚ ਪਤਾ ਲੱਗਾ ਕਿ ਧਰਮਸੋਤ ਦਾ ਪਲਾਟ ਨੰਬਰ 27 ਮੋਹਾਲੀ ਦੇ ਸੈਕਟਰ 80 ਵਿਚ 500 ਗਜ਼ ਦਾ ਹੈ। ਇਹ ਪਲਾਟ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ’ਤੇ ਹੈ। ਇਸਨੂੰ ਮਈ 2021 ਵਿੱਚ ਖਰੀਦਿਆ ਗਿਆ ਸੀ। ਗਮਾਡਾ ਦੇ ਰਿਕਾਰਡ ਅਨੁਸਾਰ ਸ਼ੀਲਾ ਦੇਵੀ 31 ਜਨਵਰੀ 2022 ਤੱਕ ਇਸਦੀ ਮਾਲਕ ਸੀ। 2 ਮਾਰਚ ਨੂੰ ਇਸ ਨੂੰ ਰਾਜਕੁਮਾਰ ਅਤੇ ਕਸ਼ਮੀਰ ਸਿੰਘ ਦੇ ਨਾਂ ‘ਤੇ ਤਬਦੀਲ ਕਰਨ ਦੀ ਤਜਵੀਜ਼ ਰੱਖੀ ਗਈ ਸੀ।
ਵਿਜੀਲੈਂਸ ਨੇ ਇਸ ਪਲਾਟ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਵੀ ਭੇਜਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਧਰਮਸੋਤ ਨੇ ਨਾਭਾ ਸੀਟ ਤੋਂ ਚੋਣ ਲੜਨ ਸਮੇਂ ਜਾਇਦਾਦ ਦੇ ਹਲਫਨਾਮੇ ਵਿੱਚ ਪਤਨੀ ਦੇ ਨਾਂ 500 ਗਜ਼ ਦੇ ਰਿਹਾਇਸ਼ੀ ਪਲਾਟ ਦੀ ਜਾਣਕਾਰੀ ਨਹੀਂ ਦਿੱਤੀ ਸੀ। ਅਜਿਹਾ ਕਰਕੇ, ਧਰਮਸੋਤ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 125ਏ ਤਹਿਤ ਜੁਰਮ ਕੀਤਾ ਹੈ। ਇਸ ‘ਤੇ ਕਾਰਵਾਈ ਲਈ ਚੋਣ ਕਮਿਸ਼ਨ ਦੇ ਦਿੱਲੀ ਸਥਿਤ ਹੈੱਡਕੁਆਰਟਰ ਨੂੰ ਪੱਤਰ ਭੇਜਿਆ ਗਿਆ ਸੀ।