ਨਵੀਂ ਦਿੱਲੀ, 20 ਅਗਸਤ 2022 – ਕੇਂਦਰ ਸਰਕਾਰ 5 ਸੂਬਿਆਂ ‘ਚ ਖਾਲਿਸਤਾਨੀ ਨੈੱਟਵਰਕ ਅਤੇ ਨਸ਼ਾ ਤਸਕਰੀ ਦੇ ਮਾਡਿਊਲ ਨੂੰ ਖਤਮ ਕਰਨ ਲਈ ਵੱਡੀ ਕਾਰਵਾਈ ਕਰਨ ਜਾ ਰਹੀ ਹੈ। ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲੇ ਨੇ ਜਾਂਚ ਏਜੰਸੀਆਂ ਨੂੰ ਦਿੱਲੀ/ਐਨਸੀਆਰ ਅਤੇ ਨਾਲ ਲੱਗਦੇ ਰਾਜਾਂ ਹਰਿਆਣਾ, ਪੰਜਾਬ, ਉੱਤਰਾਖੰਡ ਅਤੇ ਯੂਪੀ ਵਿੱਚ ਖਾਲਿਸਤਾਨੀ ਨੈੱਟਵਰਕ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਇਹ ਵੱਡਾ ਫੈਸਲਾ NIA, ED, IB, RAW ਅਤੇ ਦਿੱਲੀ ਪੁਲਿਸ ਸਮੇਤ ਹੋਰ ਰਾਜਾਂ ਦੀ ਪੁਲਿਸ ਨਾਲ ਇੱਕ ਅਹਿਮ ਮੀਟਿੰਗ ਤੋਂ ਬਾਅਦ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ NIA ਦਿੱਲੀ ਅਤੇ ਆਸਪਾਸ ਦੇ ਰਾਜਾਂ ‘ਚ ਵਧਦੀ ਖਾਲਿਸਤਾਨੀ ਸਰਗਰਮੀਆਂ ‘ਤੇ FIR ਦਰਜ ਕਰੇਗੀ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਡਰੋਨ ਰਾਹੀਂ ਹਥਿਆਰ, ਆਈਈਡੀ, ਵਿਸਫੋਟਕ ਭੇਜਣ ਲਈ ਖਾਲਿਸਤਾਨੀ ਗੈਂਗ ਅਤੇ ਇਸ ਨਾਲ ਜੁੜੇ ਸੰਗਠਨਾਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਐਨਆਈਏ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਕਾਰਨ 5 ਖਾਲਿਸਤਾਨੀ ਜਥੇਬੰਦੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿੱਚ ਖਾਲਿਸਤਾਨੀ ਲਿਬਰੇਸ਼ਨ ਫਰੰਟ (KLF), ਬੱਬਰ ਖਾਲਸਾ ਇੰਟਰਨੈਸ਼ਨਲ (BKI), ਸਿੱਖ ਯੂਥ ਫੈਡਰੇਸ਼ਨ (SYF), ਸਿੱਖਸ ਫਾਰ ਜਸਟਿਸ (SFJ) ਅਤੇ ਖਾਲਿਸਤਾਨ ਟਾਈਗਰ ਫੋਰਸ (KTF) ਵਰਗੀਆਂ ਜਥੇਬੰਦੀਆਂ ਸ਼ਾਮਲ ਹਨ।
ਦੱਸ ਦੇਈਏ ਕਿ ਆਈਬੀ ਅਤੇ ਐਨਆਈਏ ਕੋਲ ਅਜਿਹੀ ਪੁਖਤਾ ਜਾਣਕਾਰੀ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਅਤੇ ਆਸਪਾਸ ਦੇ ਰਾਜਾਂ ਵਿੱਚ ਮਿਲੇ ਆਈਈਡੀ ਅਤੇ ਵਿਸਫੋਟਕਾਂ ਪਿੱਛੇ ਪਾਕਿਸਤਾਨ ਵਿੱਚ ਮੌਜੂਦ ਆਈਐਸਆਈ ਅਤੇ ਖਾਲਿਸਤਾਨੀ ਸੰਗਠਨਾਂ ਦਾ ਹੱਥ ਹੈ। ਖਾਲਿਸਤਾਨੀ ਜਥੇਬੰਦੀਆਂ ਨੂੰ ਵਿਦੇਸ਼ੀ ਫੰਡਿੰਗ ਕਿੱਥੋਂ ਆ ਰਹੀ ਹੈ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ SFJ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਖਾਲਿਸਤਾਨ ਟਾਈਗਰ ਫੋਰਸ ‘ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਉਨ੍ਹਾਂ ਦੀ ਵਿਦੇਸ਼ੀ ਫੰਡਿੰਗ ਦੀ ਜਾਂਚ ਕੀਤੀ ਜਾਵੇਗੀ।