- ਲਾਰੈਂਸ ਦਾ ਨਾਂ ਵੀ ਇਸ ਸੂਚੀ ‘ਚ ਹੈ
ਨਵੀਂ ਦਿੱਲੀ, 4 ਜੁਲਾਈ 2023 – ਕੌਮੀ ਜਾਂਚ ਏਜੰਸੀ (ਐਨਆਈਏ) ਦਿੱਲੀ, ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਬੰਦ 25 ਦੇ ਕਰੀਬ ਗੈਂਗਸਟਰਾਂ ਨੂੰ ਹੋਰ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਤਿਆਰੀ ਕਰ ਰਹੀ ਹੈ। ਐਨਆਈਏ ਨੇ ਇਨ੍ਹਾਂ ਗੈਂਗਸਟਰਾਂ ਨੂੰ ਸ਼ਿਫਟ ਕਰਨ ਲਈ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਹੈ। ਐਨਆਈਏ ਦਾ ਦੋਸ਼ ਹੈ ਕਿ ਇਹ ਸਾਰੇ ਗੈਂਗਸਟਰ ਜੇਲ੍ਹਾਂ ਵਿੱਚ ਬੈਠੇ ਸਿੰਡੀਕੇਟ ਚਲਾ ਰਹੇ ਹਨ। ਸਿੱਧੂ ਮੂਸੇਵਾਲਾ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਦਾ ਨਾਂ ਵੀ ਇਸ ਲਿਸਟ ‘ਚ ਹੈ।
ਐਨਆਈਏ ਨੇ ਪਹਿਲਾਂ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ 25 ਗੈਂਗਸਟਰਾਂ ਨੂੰ ਉੱਤਰੀ ਭਾਰਤ ਦੀਆਂ ਜੇਲ੍ਹਾਂ ਤੋਂ ਦੱਖਣੀ ਰਾਜਾਂ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ। ਐਨਆਈਏ ਨੇ ਸ਼ੁਰੂ ਵਿੱਚ ਗੈਂਗਸਟਰਾਂ ਨੂੰ ਦੱਖਣੀ ਭਾਰਤ ਵਿੱਚ ਭੇਜਣ ਦਾ ਪ੍ਰਸਤਾਵ ਰੱਖਿਆ ਹੈ। ਪਰ ਇਸਦੇ ਲਈ ਰਾਜ ਸਰਕਾਰਾਂ ਨਾਲ ਸੰਪਰਕ ਕਰਕੇ ਨਿਯਮਾਂ ਨੂੰ ਪੂਰਾ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਇਸ ਦੇ ਬਦਲ ਵਜੋਂ ਐਨਆਈਏ ਗੈਂਗਸਟਰਾਂ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰਨ ਦੇ ਵਿਕਲਪ ’ਤੇ ਵੀ ਵਿਚਾਰ ਕਰ ਰਹੀ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਵੀ ਇਸ ਜੇਲ੍ਹ ਵਿੱਚ ਬੰਦ ਹਨ।
NIA ਗੈਂਗਸਟਰਾਂ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ‘ਤੇ ਸ਼ਿਫਟ ਕਰਨਾ ਚਾਹੁੰਦੀ ਹੈ। ਇਹ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਜਿਸ ਕਾਰਨ ਇੱਥੇ ਸ਼ਿਫਟ ਹੋਣ ਦੀ ਪ੍ਰਕਿਰਿਆ ਆਸਾਨ ਹੋਵੇਗੀ ਅਤੇ ਸਮਾਂ ਵੀ ਘੱਟ ਲੱਗੇਗਾ। ਐਨਆਈਏ ਨੂੰ ਇਸ ਮਾਮਲੇ ਵਿੱਚ ਕਾਨੂੰਨੀ ਜਾਣਕਾਰੀ ਵੀ ਮਿਲ ਰਹੀ ਹੈ।
ਹਾਲ ਹੀ ਵਿੱਚ ਐਨਆਈਏ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਪੁਲੀਸ ਨਾਲ ਸਾਂਝੀ ਟੀਮ ਬਣਾਈ ਹੈ। ਜਿਸ ਦਾ ਮਨੋਰਥ ਗੈਂਗਸਟਰਾਂ ਵੱਲੋਂ ਬਣਾਈ ਗਈ ਸਿੰਡੀਕੇਟ ਨੂੰ ਰੋਕਣਾ ਹੈ। ਐਨਆਈਏ ਨੇ ਪਿਛਲੇ ਅਗਸਤ ਵਿੱਚ ਗੈਂਗਸਟਰਾਂ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਸਨ ਅਤੇ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ। ਇਸ ਵਿਚ ਭਾਰਤੀ ਅਤੇ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ਦੁਆਰਾ ਫੰਡ ਇਕੱਠਾ ਕਰਨ, ਅੱਤਵਾਦੀ ਹਮਲਿਆਂ ਲਈ ਨੌਜਵਾਨਾਂ ਦੀ ਭਰਤੀ ਅਤੇ ਸਨਸਨੀਖੇਜ਼ ਅਪਰਾਧ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ।