ਫਤਹਿਗੜ੍ਹ ਸਾਹਿਬ, 26 ਅਗਸਤ 2023 – ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਚੇਤਾਵਨੀ ਦੇਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਇਸ ਬਿਆਨ ਨਾਲ ਭਾਜਪਾ ਦਾ ਪੰਜਾਬ ਪ੍ਰਤੀ ਏਜੰਡਾ ਸਭ ਦੇ ਸਾਹਮਣੇ ਆ ਗਿਆ ਹੈ। ਭਾਜਪਾ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ। ਪਰ ਪੰਜਾਬ ਦੇ ਲੋਕ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ।
ਜੇਕਰ ਰਾਸ਼ਟਰਪਤੀ ਸ਼ਾਸਨ ਲਗਾਉਣਾ ਹੈ ਤਾਂ ਮਣੀਪੁਰ ‘ਚ ਕੀਤਾ ਜਾਣਾ ਚਾਹੀਦਾ ਹੈ। ਜਿੱਥੇ ਔਰਤਾਂ ਦੀ ਨੰਗੀ ਪਰੇਡ ਕਰ ਕੇ ਭਾਰਤ ਨੂੰ ਦੁਨੀਆ ‘ਚ ਸ਼ਰਮਸਾਰ ਕੀਤਾ ਗਿਆ। ‘ਆਪ’ ਕਿਸੇ ਵੀ ਕੀਮਤ ‘ਤੇ ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਣ ਦੇਵੇਗੀ।
ਨਸ਼ਿਆਂ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ‘ਆਪ’ ਕੋਈ ਵੀ ਵਰਕਰ, ਅਹੁਦੇਦਾਰ, ਵਿਧਾਇਕ, ਮੰਤਰੀ ਨਸ਼ਿਆਂ ਦਾ ਸਮਰਥਨ ਨਹੀਂ ਕਰਦਾ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜ਼ਨ ਨਸ਼ਾ ਮੁਕਤ ਪੰਜਾਬ ਹੈ। ਇਸ ਨੂੰ ਸਫਲ ਬਣਾਉਣ ਲਈ ਹਰ ਕੋਈ ਜੁਟਿਆ ਹੋਇਆ ਹੈ। ਰਾਏਕੋਟ ‘ਚ ‘ਆਪ’ ਵਿਧਾਇਕ ਦੇ ਪੀਏ ਦੀ ਪਤਨੀ ਵੱਲੋਂ ਨਸ਼ਾ ਵੇਚਣ ਦੀ ਵੀਡੀਓ ‘ਤੇ ਬੁਧਰਾਮ ਨੇ ਕਿਹਾ ਕਿ ਜੋ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਪ੍ਰਿੰਸੀਪਲ ਬੁਧਰਾਮ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਦਫ਼ਤਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ।