ਪੰਜਾਬ ਦੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਉਣਾ ਹਰ ਪੰਜਾਬੀ ਦਾ ਮੁੱਢਲਾ ਫ਼ਰਜ਼ – ਸੰਧਵਾਂ

  • ਪੰਜਾਬ ਦੇ 9 ਜਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠ- ਸੰਤ ਸੀਚੇਵਾਲ
  • ਸ਼੍ਰੀਮਾਨ ਸੰਤ ਅਵਤਾਰ ਸਿੰਘ ਦੀ ਸਲਾਨਾ ਬਰਸੀ ਸ਼ਰਧਾ ਪੂਰਵਕ ਮਨਾਈ

ਸੁਲਤਾਨਪੁਰ ਲੋਧੀ, 29 ਮਈ 2024 – ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 36ਵੀਂ ਸਲਾਨਾ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਉਣਾ ਹਰ ਪੰਜਾਬੀ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਦੀ ਸ਼ੁਰੂ ਕੀਤੀ ਕਾਰ ਸੇਵਾ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੇਵਾ ਨੇ ਵਾਤਾਵਰਣ ਪ੍ਰਤੀ ਲੋਕ ਮਨਾਂ ਵਿੱਚ ਵੱਡੀ ਚੇਤਨਾ ਪੈਦਾ ਕੀਤੀ ਹੈ।

ਸਪੀਕਰ ਸੰਧਵਾਂ ਨੇ ਕਿਹਾ ਕਿ ਜਿਹੜੇ ਦਰਿਆ ਜੀਵਨ ਦਾਤੇ ਸਨ ਉਹ ਹੁਣ ਕੈਂਸਰ ਰੂਪੀ ਮੌਤ ਵੰਡ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸੰਤ ਸੀਚੇਵਾਲ ਜੀ ਵੱਲੋਂ ਬੁੱਢੇ ਦਰਿਆ ਦੀ ਸ਼ੁਰੂ ਕੀਤੀ ਕਾਰ ਸੇਵਾ ਰੰਗ ਲਿਆਵੇਗੀ। ਜਿਵੇਂ ਉਨ੍ਹਾਂ ਨੇ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈ ਨੂੰ ਸਾਫ਼ ਕੀਤਾ ਹੈ ਉਸੇ ਤਰ੍ਹਾਂ ਬੁੱਢੇ ਦਰਿਆ ਨੂੰ ਵੀ ਨਿਰਮਲ ਵਗਣ ਲਾ ਦੇਣਗੇ। ਉਨ੍ਹਾਂ ਸੰਤ ਸੀਚੇਵਾਲ ਅੱਗੇ ਇਹ ਮੰਗ ਵੀ ਰੱਖੀ ਕਿ ਜਿਵੇਂ ਉਨ੍ਹਾਂ ਨੇ ਕਾਲੀ ਵੇਈਂ, ਚਿੱਟੀ ਵੇਈਂ ਤੇ ਹੁਣ ਕਾਲਾ ਸੰਘਿਆ ਡਰੇਨ ਨੂੰ ਸਾਫ਼ ਕਰਨ ਲਈ ਯੋਗ ਉਪਰਾਲੇ ਕਰ ਰਹੇ ਹਨ। ਉਸੇ ਤਰ੍ਹਾਂ ਲਸਾੜਾ ਡਰੇਨ ਨੂੰ ਵੀ ਸਾਫ ਕਰਨ ਵਿੱਚ ਉਹ ਸਹਿਯੋਗ ਦੇਣ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸੰਤ ਸੀਚੇਵਾਲ ਜੀ ਵੱਲੋਂ ਵਿੱਡੀ ਹੋਈ ਮੁਹਿੰਮ ਵੱਧ ਚੜ੍ਹ ਕਿ ਸਹਿਯੋਗ ਦੇਣ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਤ ਅਵਤਾਰ ਸਿੰਘ ਜੀ ਨੂੰ ਸ਼ਰਧਾਜਲੀ ਭੇਂਟ ਕਰਦਿਆ ਕਿਹਾ ਕਿ ਉਨ੍ਹਾਂ ਦਾ ਜੀਵਨ ਬੜਾ ਅਨੁਸ਼ਾਸ਼ਨ ਬੱਧ ਸੀ। ਇਲਾਕੇ ਵਿੱਚ ਉਨ੍ਹਾਂ ਨੇ ਸੰਗਤਾਂ ਨੂੰ ਵੱਡੀ ਪੱਧਰ ‘ਤੇ ਗੁਰਬਾਣੀ ਨਾਲ ਜੋੜਿਆ। ਪੰਜਾਬ ਦੇ ਵਾਤਾਵਰਣ ਦੇ ਹਲਾਤਾਂ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਦਾ ਅਸਰ ਸਪੱਸ਼ਟ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ 9 ਜਿਲ੍ਹੇ ਇਸ ਦੀ ਮਾਰ ਹੇਠਾਂ ਆਏ ਹੋਏ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ 8 ਅਤੇ ਹਰਿਆਣਾ ਦੇ 11 ਜਿਲ੍ਹੇ ਇਸ ਦੀ ਮਾਰ ਹੇਠਾਂ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 310 ਜਿਲ੍ਹੇ ਜਲਵਾਯੂ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਚਿੱਟੀ ਵੇਈਂ ਵਿੱਚ ਵੀ 200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬਾਬੇ ਨਾਨਕ ਦੀ ਵੇਈਂ ‘ਤੇ ਲੱਗਣ ਵਾਲਾ ਆਖਰੀ ਟਰੀਟਮੈਂਟ ਪਲਾਂਟ ਵੀ ਲੱਗ ਗਿਆ ਹੈ। ਬੁੱਢੇ ਦਰਿਆ ਦੇ ਪਰਾਤਨ ਦਿਨ ਮੁੜ ਪਰਤਣਗੇ।

ਇਸ ਮੌਕੇ ਨਿਰਮਲ ਪੰਚਾਇਤੀ ਅਖਾੜਾ ਦੇ ਸ਼੍ਰੀ ਮਹੰਤ ਗਿਆਨੀ ਗਿਆਨ ਦੇਵ ਸਿੰਘ ਜੀ, ਦਰਸ਼ਨ ਸ਼ਾਸ਼ਤਰੀ, ਸੰਤ ਅਜੀਤ ਸਿੰਘ ਨੌਲੀਵਾਲੇ, ਸੰਤ ਅਮਰੀਕ ਸਿੰਘ ਖੁਖਰੈਣ, ਮਹੰਤ ਮੁਨੀ ਦੇਵ ਖੈੜਾ ਬੇਟ, ਸੰਤ ਬਲਰਾਜ ਸਿੰਘ ਜਿਆਣ ਵਾਲੇ ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਸੁਖਵੰਤ ਸਿੰਘ, ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ, ਸੰਤ ਅਵਤਾਰ ਸਿੰਘ ਭੀਖੋਵਾਲ, ਜਰਨੈਲ ਸਿੰਘ ਗੜ੍ਹਦੀਵਾਲਾ, ਬਾਬਾ ਸੁਖਾ ਟਾਹਲੀ ਸਾਹਿਬ, ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਮੇਤ ਹੋਰ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੰਚ ਦਾ ਸੰਚਾਲਨ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਬਾਖੂਬੀ ਨਿਭਾਈ। ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿੱਚੋਂ ਬੂਟਿਆਂ ਦਾ ਪ੍ਰਸ਼ਾਦ ਪ੍ਰਾਪਤ ਕੀਤਾ ਗਿਆ।

ਬਾਕਸ ਆਈਟਮ : ਵਾਤਾਵਰਣ ਪੱਖੋਂ ਪੰਜਾਬ ਦੇ ਹਲਾਤ ਬਹੁਤ ਹੀ ਨਾਜ਼ੁਕ
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਤੀ 1 ਜੂਨ ਅਖਰੀ ਗੇੜ ਵਿੱਚ ਪੈ ਰਹੀਆਂ ਵੋਟਾਂ ਦੌਰਾਨ ਆਪਣੀ ਵੋਟ ਸੋਚ ਸਮਝ ਕਿ ਤੇ ਆਪਣਿਆਂ ਬੱਚਿਆਂ ਦੇ ਭਵਿੱਖ ਨੂੰ ਦੇਖ ਕਿ ਹੀ ਪਾਉਣ। ਕਿਉਂਕਿ ਵਾਤਾਵਰਣ ਪੱਖੋਂ ਪੰਜਾਬ ਦੇ ਹਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ। ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਦਰਿਆ ਤੇਜ਼ੀ ਨਾਲ ਪ੍ਰਦੂਸ਼ਿਤ ਅਤੇ ਸੁੱਕ ਰਹੇ ਹਨ। ਪੰਜਾਬ ਦੀ ਹਵਾ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਵਧਦੀ ਗਲੋਬਲ ਵਾਰਮਿੰਗ ਕਾਰਨ ਦੇਸ਼ ਦੇ 310 ਜ਼ਿਲ੍ਹੇ ਜਲਵਾਯੂ ਪਰਿਵਰਤਨ ਦਾ ਖ਼ਤਰਾ ਬਣ ਗਏ ਹਨ, ਲਗਾਤਾਰ ਵੱਧਦੀ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਡੂੰਘੇ ਅਤੇ ਦੂਸ਼ਿਤ ਪਾਣੀਆਂ ਦੀ ਗੱਲ ਨਹੀਂ ਕਰ ਰਹੀ ਅਤੇ ਨਾ ਹੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ 2039 ਤੱਕ ਪਾਣੀ ਨੂੰ ਇੱਕ ਹਜ਼ਾਰ ਫੁੱਟ ਡੂੰਘਾ ਕੀਤਾ ਜਾਣਾ ਹੈ। ਪੰਜਾਬ ਦੇ ਤਿੰਨ ਵੱਡੇ ਸ਼ਹਿਰ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵੀ ਦੇਸ਼ ਦੇ ਉਨ੍ਹਾਂ 30 ਸ਼ਹਿਰਾਂ ਵਿੱਚ ਸ਼ਾਮਲ ਹਨ ਜੋ ਸਾਲ 2050 ਤੱਕ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਗੇ। ਪਰ ਹਲੇ ਤੱਕ ਵੀ ਕੋਈ ਵੀ ਸਿਆਸੀ ਪਾਰਟੀ ਇਸ ਤੇ ਖੁੱਲ਼ ਕਿ ਗੱਲ ਨਹੀ ਕਰ ਰਹੀ ਹੈ ਤੇ ਨਾ ਇਸ ਦੀ ਚਰਚਾ ਚੋਣਾਂ ਵਿੱਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਧਾਮੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ